ਸਿਡਨੀ (ਏਜੰਸੀਆਂ) : ਆਸਟ੍ਰੇਲੀਆ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਰਾਜ ਨਿਊ ਸਾਊਥ ਵੇਲਜ਼ ਕਈ ਦਹਾਕਿਆਂ ਬਾਅਦ ਭਿਆਨਕ ਹੜ੍ਹ ਨਾਲ ਜੂਝ ਰਿਹਾ ਹੈ। ਇਸ ਦੌਰਾਨ ਸਿਡਨੀ ਸ਼ਹਿਰ ਵਿਚ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣ ਚੁਕੀ ਹੈ। ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਸਿਡਨੀ ਵਿਚਲੀਆਂ ਨਦੀਆਂ ਪਾਣੀ ਨਾਲ ਲਬਾਲਬ ਭਰ ਗਈਆਂ। ਨਤੀਜੇ ਵਜੋਂ ਸਿਡਨੀ ਖੇਤਰ ਵਿਚ ਕਈ ਥਾਈਂ ਨਦੀਆਂ ਦਾ ਪਾਣੀ ਗਲੀਆਂ ਵਿਚ ਦਾਖ਼ਲ ਹੋ ਗਿਆ ਅਤੇ ਹੜ੍ਹਾਂ ਕਾਰਨ ਲੋਕਾਂ ਨੂੰ ਪ੍ਰਭਾਵੀ ਖੇਤਰਾਂ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਹੋਣ ਵਾਲੀ ਭਾਰੀ ਸੰਭਵਤ ਬਾਰਸ਼ ਨਾਲ ਸਥਿਤੀਆਂ ਹੋਰ ਵੀ ਬੱਦ ਤੋਂ ਬਦਤਰ ਹੋ ਸਕਦੀਆਂ ਹਨ। ਇਸ ਲਈ ਪ੍ਰਸ਼ਾਸਨ ਵਲੋਂ ਕਿਸੇ ਸੰਭਾਵੀ ਖ਼ਤਰੇ ਨੂੰ ਦੇਖਦਿਆਂ ਲੋਕਾਂ ਨੂੰ ਤੁਰਤ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ।
ਫਲੱਡ ਆਪ੍ਰੇਸ਼ਨ ਮੈਨੇਜਰ ਜਸਟਿਨ ਰਾਬਿਨਸਨ ਨੇ ਕਿਹਾ, ‘‘ਨੈਪੀਅਨ ਅਤੇ ਹਾਕਸਬਰੀ ਨਦੀਆਂ ਵਿਚ ਹੜ੍ਹਾਂ ਕਾਰਨ ਸਥਿਤੀ ਨਾਜ਼ੁਕ ਹੈ ਅਤੇ ਨਦੀਆਂ ਵਿਚ ਪਾਣੀ ਦੀ ਰਫ਼ਤਾਰ ਅਤੇ ਪੱਧਰ ਲਗਾਤਾਰ ਖ਼ਤਰਨਾਕ ਬਣਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਰਾਗਾਂਬਾ ਡੈਮ ਵਿਚਲਾ ਵਾਧੂ ਪਾਣੀ ਵੀ ਛਡਿਆ ਜਾ ਰਿਹਾ ਹੈ ਅਤੇ ਇਸ ਨਾਲ ਹੇਠਲੇ ਇਲਾਕਿਆਂ ਵਿਚ ਹੜ੍ਹਾਂ ਦਾ ਖ਼ਤਰਾ ਬਰਕਰਾਰ ਹੈ। ਸਥਿਤੀ ਨੂੰ ਦੇਖਦੇ ਹੋਏ ਖੇਤਰ ਵਿਚ ਲੱਗਭਗ 40 ਸਕੂਲ ਬੰਦ ਕਰ ਦਿਤੇ ਗਏ ਹਨ।
ਸੂਬੇ ਦੇ ਪ੍ਰੀਮੀਅਰ ਗਲੇਡਿਸ ਬੇਰੇਜ਼ੀਕਿਲਯਨ ਨੇ ਕਿਹਾ ਕਿ ਸੈਂਕੜੇ ਲੋਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਆਫ਼ਤ ਕਰੀਬ ਸੌ ਸਾਲ ਵਿਚ ਪਹਿਲੀ ਵਾਰ ਆਈ ਹੈ ਅਤੇ ਸੂਬੇ ਦੇ ਮਿਡ ਨਾਰਥ ਕੋਸਟ ਦੇ ਕਈ ਸਥਾਨਾਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਉਣ ਦਾ ਹੁਕਮ ਦਿਤਾ ਗਿਆ ਹੈ।