ਕਰਾਚੀ (ਏਜੰਸੀਆਂ): ਪਾਕਿਸਤਾਨ ਤੇ ਹੋਰ ਦੇਸ਼ਾਂ ਦੇ ਉਨ੍ਹਾਂ ਖਿਡਾਰੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ ਜਿਹੜੇ ਪਾਕਿਸਤਾਨ ਸੁਪਰ ਲੀਗ ਵਿਚ ਖੇਡਦੇ ਹਨ। ਦਰਅਸਲ ਖਿਡਾਰੀਆਂ ਤੇ ਸਹਾਇਕ ਸਟਾਫ਼ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਲੀਗ ਨੂੰ ਵਿਚਾਲੇ ਹੀ ਰੋਕ ਦਿਤਾ ਗਿਆ ਸੀ। ਇਸ ਤੋਂ ਪਹਿਲਾਂ 23 ਮਈ ਨੂੰ ਇਕ ਹਫ਼ਤੇ ਦਾ ਇਕਾਂਤਵਾਸ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਨਿਰਧਾਰਤ ਪ੍ਰੋਟੋਕਾਲ ਤਹਿਤ ਮੈਚ ਖੇਡੇ ਜਾਣਗੇ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ.ਬੀ.) ਨੇ ਟੂਰਨਾਮੈਂਟ ਲਈ ਦੋ ਬਦਲ ਤਿਆਰ ਕੀਤੇ ਹਨ। ਪਹਿਲੇ ਬਦਲ ਦੀ ਗੱਲ ਕਰੀਏ ਤਾਂ ਇਸ ਵਿਚ 6 ਜੂਨ ਤੋਂ ਮੁਕਾਬਲਾ ਸ਼ੁਰੂ ਹੋਵੇਗਾ ਤੇ ਹਰ ਦਿਨ ਡਬਲ ਹੈਡਰ ਮੁਕਾਬਲੇ ਖੇਡੇ ਜਾਣਗੇ ਤੇ 20 ਜੂਨ ਨੂੰ ਫ਼ਾਈਨਲ ਖੇਡਿਆ ਜਾਵੇਗਾ ਜਦਕਿ ਦੂਜੇ ਬਦਲ ਦੇ ਹਿਸਾਬ ਨਾਲ 2 ਜੂਨ ਤੋਂ ਮੁਕਾਬਲਾ ਸ਼ੁਰੂ ਹੋਵੇਗਾ ਤੇ ਹਰ ਦਿਨ ਇਕ ਮੈਚ ਆਯੋਜਤ ਹੋਵੇਗਾ ਤੇ 20 ਜੂਨ ਨੂੰ ਫ਼ਾਈਨਲ ਹੋਵੇਗਾ। ਫ੍ਰੈਂਚਾਈਜ਼ੀਆਂ ਵੀ ਇਸ ਬਦਲ ਨੂੰ ਪਹਿਲ ਦੇ ਰਹੀਆਂ ਹਨ। ਪਹਿਲੇ ਬਦਲ ਦੇ ਹਿਸਾਬ ਨਾਲ 10 ਦਿਨ ਵਿਚ 16 ਮੁਕਾਬਲੇ ਖੇਡੇ ਜਾਣਗੇ, ਜਿਸ ਤੋਂ ਬਾਅਦ ਦੋ ਦਿਨਾਂ ਵਿਚ ਫ਼ਾਈਨਲ ਸਮੇਤ ਤਿੰਨ ਪਲੇਅ ਆਫ਼ ਮੁਕਾਬਲੇ ਹੋਣਗੇ ਜਦਕਿ ਦੂਜੇ ਬਦਲ ਵਿਚ 13 ਦਿਨਾਂ ਵਿਚ 16 ਮੈਚ ਖੇਡੇ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਹੋਰ ਰੁਕਾਵਟ ਤਾਂ ਨਹੀਂ ਆਉਂਦੀ ਕਿਉਂਕਿ ਪਾਕਿਸਤਾਨ ਤੇ ਭਾਰਤ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੀ ਲਹਿਰ ਸ਼ੁਰੂ ਹੋ ਗਈ ਹੈ। ਜਿਥੇ ਪਾਕਿਸਤਾਨੀ ਲੀਗ ਖ਼ਤਰੇ ਵਿਚ ਦਿਖਾਈ ਦੇ ਰਹੀ ਹੈ ਉਥੇ ਭਾਰਤੀ ਲੀਗ ਲਈ ਵੀ ਕੋਈ ਵਧੀਆ ਸੰਕੇਤ ਨਹੀਂ ਹਨ।