ਅੰਮ੍ਰਿਤਸਰ : ਪੁਲਿਸ ਨੇ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਕੋਟਲੀ ਸਿੱਕਾ ਸਮੇਤ ਵੱਖ ਵੱਖ ਖੇਤਰਾਂ ਵਿੱਚ ਛਾਪੇਮਾਰੀ ਦੌਰਾਨ ਇੱਕ ਘਰ ਵਿੱਚ ਹੀ ਨਜ਼ਾਇਜ਼ ਸ਼ਰਾਬ ਦੀ ਚਲਾਈ ਜਾ ਰਹੀ ਮਿੰਨੀ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਜਣਿਆ ਨੂੰ ਗਿਰਫ਼ਤਾਰ ਕੀਤਾ ਹੈ ਜਦਕਿ ਵੱਡੀ ਮਾਤਰਾ ਨਜ਼ਾਇਜ਼ ਸ਼ਰਾਬ ‘ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਐੱਸ. ਐੱਸ.ਪੀ. ਧਰੁਵ ਦਹੀਆ ਦੀ ਅਗਵਾਈ ਹੇਠ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤਾ ਸੂਚਨਾ ਮਿਲੀ ਸੀ ਪਿੰਡ ਕੋਟਲੀ ਸਿੱਕਾ ਦੇ ਇਲਾਵਾ ਹੋਰਨਾਂ ਖੇਤਰਾਂ ਵਿੱਚ ਲੋਕ ਘਰ ਵਿੱਚ ਹੀ ਨਜ਼ਾਇਜ ਸ਼ਰਾਬ ਕੱਢਦੇ ਹਨ ‘ਤੇ ਅੱਗੇ ਸਪਲਾਈ ਕਰਦੇ ਹਨ। ਇਸ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਛਾਪੇਮਾਰੀ ਦੌਰਾਨ ਵੱਡੇ ਪੱਧਰ ’ਤੇ ਨਜਾਇਜ਼ ਸ਼ਰਾਬ, ਲਾਹਣ, ਭੱਠੀਆਂ ਸਣੇ ਸ਼ਰਾਬ ਕੱਢਣ ਲਈ ਵਰਤੇ ਜਾਣ ਵਾਲੇ ਜਖੀਰੇ ਨੂੰ ਬਰਾਮਦ ਕੀਤਾ ਹੈ। ਕਈ ਘੰਟੇ ਤੱਕ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਪਿੰਡ ਕੋਟਲੀ ਸੱਕਾ ਤੋਂ 3 ਲੱਖ 60 ਹਜ਼ਾਰ ਨਜਾਇਜ਼ ਸ਼ਰਾਬ, 1 ਲੱਖ 26 ਹਜ਼ਾਰ ਕਿਲੋ ਲਾਹਣ, 1830 ਕਿਲੋ ਗੁੜ 12 ਤਰਪਾਲਾਂ, 24 ਡਰੰਮ, 20 ਕੈਨ, 12 ਗੈਸ ਸੈਲੰਡਰ, 4 ਮੋਟਰਸਾਇਕਲ, 2 ਗੱਡੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਮੌਕੇ ਗੁਰਬੀਰ ਸਿੰਘ, ਭਗਵੰਤ ਸਿੰਘ, ਬਲਵਿੰਦਰ ਸਿੰਘ ਵਾਸੀ ਪਿੰਡ ਕੋਟਲੀ ਸੱਕਾ ਨੂੰ ਗਿਰਫ਼ਤਾਰ ਕਰ ਲਿਆ ਹੈ। ਜਿਹਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਜਾਂਚ ਇਹ ਵੀ ਸਾਹਮਣੇ ਆਇਆ ਹੈ ਕਿ ਫੜੇ ਗੲ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਆਬਕਾਰੀ ਐਕਟ ਅਧੀਨ ਵੱਖ-ਵੱਖ ਥਾਣਿਆਂ ’ਚ 10 ਮੁੱਕਦਮੇ ਦਰਜ ਹਨ।