ਫਾਜ਼ਿਲਕਾ (ਏਜੰਸੀਆਂ) : ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸਕੂਲਾਂ ਨੂੰ ਸਮੇ ਦੇ ਹਾਣ ਦਾ ਬਣਾਇਆ ਗਿਆ। ਸਰਕਾਰੀ ਸਕੂਲਾਂ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਸਾਰੇ ਸਕੂਲ ਸਮਾਰਟ ਬਣ ਚੁੱਕੇ ਹਨ। ਜਿੱਥੇ ਆਧੁਨਿਕ ਤਕਨੀਕਾਂ ਨਾਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਐਲ ਕੇ ਜੀ, ਯੂ ਕੇ ਜੀ ਕਲਾਸਾ ਦੇ ਕਮਰਿਆਂ ਨੂੰ ਵਿਲੱਖਣ ਦਿੱਖ ਦਿੱਤੀ ਗਈ ਜਿੱਥੇ ਖੇਡ ਵਿਧੀ ਅਤੇ ਮਨੋਰੰਜਕ ਤਰੀਕੇ ਨਾਲ ਸਿੱਖਿਆ ਦਿੱਤੀ ਜਾ ਰਹੀ ਹੈ। ਇਹ ਪਗਟਾਵਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਵੱਲੋ ਕੀਤਾ ਗਿਆ। ਉਹਨਾਂ ਕਿਹਾ ਕਿ ਜਿਲ੍ਹਾ ਫਾਜਿਲਕਾ ਵਿੱਚ ਜਿਲ੍ਹਾ ਪੱਧਰੀ ਐਨਰੋਲਮੈਂਟ ਬੂਸਟਰ ਟੀਮ ਦਾ ਗਠਨ ਕੀਤਾ ਗਿਆ ਹੈ। ਜਿਸ ਦੀ ਅਗਵਾਈ ਉਹਨਾਂ ਵੱਲੋਂ ਨਿੱਜੀ ਤੌਰ ਤੇ ਕੀਤੀ ਜਾਵੇਗੀ, ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਇਸ ਕਮੇਟੀ ਦੇ ਨੋਡਲ ਅਫਸਰ ਹੋਣਗੇ। ਇਸ ਤੋਂ ਇਲਾਵਾ ਮੈਡਮ ਰਜਨੀ ਜੱਗਾ ਇੰਚਾਰਜ਼ ਡਾਇਟ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ , ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ, ਜਿਲ੍ਹਾ ਐਮ ਆਈ ਐਸ ਕੋਆਰਡੀਨੇਟਰ ਮਨੋਜ ਕੁਮਾਰ, ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸੰਦੀਪ ਗੁੰਬਰ ਨੂੰ ਬਤੌਰ ਮੈਬਰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਕਮੇਟੀ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸੁਵਿਧਾਵਾਂ ਤੋ ਮਾਪਿਆਂ ਨੂੰ ਜਾਣੂ ਕਰਵਾ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰੇਗੀ। ਡਾ. ਬੱਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲ ਕਿਸੇ ਵੀ ਤਰ੍ਹਾਂ ਪ੍ਰਾਈਵੇਟ ਸਕੂਲਾਂ ਤੋ ਘੱਟ ਨਹੀਂ ਹਨ। ਸਰਕਾਰੀ ਸਕੂਲਾਂ ਵਿੱਚ ਜਿੱਥੇ ਬੱਚਿਆਂ ਤੋ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀ ਲਈ ਜਾਦੀ, ਉੱਥੇ ਕਿਤਾਬਾਂ ਵਰਦੀਆਂ, ਮਿਡ ਡੇ ਮੀਲ ਦੀ ਸਹੂਲਤ ਦੇ ਨਾਲ-ਨਾਲ ਵਜੀਫੇ ਵੀ ਦਿੱਤੇ ਜਾਂਦੇ ਹਨ। ਸਰਕਾਰੀ ਸਕੂਲਾਂ ਵਿੱਚ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਵੱਲੋਂ ਸਿੱਖਿਆ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਮਾਪਿਆਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਪ੍ਰਗਟਾਉਦਿਆ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਤਰਜ ਤੇ ਬਲਾਕ ਅਤੇ ਕਲੱਸਟਰ ਪੱਧਰ ਤੇ ਵੀ ਐਨਰੋਲਮੈਂਟ ਬੂਸਟਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।