ਮਈ : ਬੀਤੀ ਰਾਤ ਬਰਨਾਲਾ ਜ਼ਿਲ੍ਹੇ ਵਿਚ ਲੱਗੀ ਭਿਆਨਕ ਅੱਗ ਨੇ ਬਰਨਾਲ ਜ਼ਿਲ੍ਹੇ ਦੇ ਤਿੰਨ ਦਰਜਨ ਦੇ ਕਰੀਬ ਪਿੰਡਾਂ ਦੇ ਖੇਤਾਂ ਨੂੰ ਲਪੇਟ ਵਿਚ ਲੈ ਲਿਆ ਹੈ। ਫ਼ਾਇਰ ਬ੍ਰਿਗੇਡ ਅਫਸਰ ਗੁਰਜੀਤ ਸਿੰਘ ਨੇ ਦਸਿਆ ਕਿ ਅੱਗ 33 ਪਿੰਡਾਂ ਵਿਚ ਫੈਲ ਗਈ ਸੀ। ਉਨ੍ਹਾਂ ਦਸਿਆ ਕਿ 16 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਉਤੇ ਕਾਬੂ ਪਾਉਣ ਲਈ ਲਗਾਈਆਂ ਗਈਆਂ। ਰਾਤ ਦੀ ਲੱਗੀ ਅੱਗ ਉਤੇ ਸਵੇਰੇ 6 ਵਜੇ ਦੇ ਕਰੀਬ ਕਾਬੂ ਪਾਇਆ ਗਿਆ। ਦਸਿਆ ਜਾ ਰਿਹਾ ਹੈ ਕਿ ਕਿਸੇ ਵਲੋਂ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ, ਜੋ ਤੇਜ਼ ਹਨੇਰੀ ਕਾਰਨ ਅੱਗ ਫੈਲ ਗਈ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਅੱਗ ਨਾਲ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੂਜੇ ਪਾਸੇ ਬਰਨਾਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਅੱਗ ਕਰੀਬ 18 ਪਿੰਡਾਂ ਵਿਚ ਅੱਗ ਲੱਗੀ ਹੈ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦਸਿਆ ਕਿ ਦੇਰ ਰਾਤ ਤੇਜ਼ ਹਵਾਵਾਂ ਨਾਲ ਹਨ੍ਹੇਰੀ ਤੂਫ਼ਾਨ ਆ ਗਿਆ, ਜਿਸ ਕਾਰਨ ਕਿਸੇ ਹੋਰ ਪਿੰਡ ਵਿਚ ਲੱਗੀ ਅੱਗ ਨੇ ਸਾਰੇ ਜ਼ਿਲੇ ਨੂੰ ਅਪਣੀ ਲਪੇਟ ਵਿਚ ਲੈ ਲਿਆ। ਉਥੇ ਹੀ ਇਸ ਮਾਮਲੇ 'ਤੇ ਬਰਨਾਲਾ ਦੇ ਐਸ.ਡੀ.ਐਮ ਸੰਦੀਪ ਕੁਮਾਰ ਨੇ ਦਸਿਆ ਕਿ ਸੱਭ ਤੋਂ ਪਹਿਲਾਂ ਅੱਗ ਲੱਗਣ ਦੀ ਸੂਚਨਾ ਜੰਗੀਆਣਾ ਬੀੜ ਤੋਂ ਆਈ ਸੀ, ਜਿੱਥੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੱਭ ਤੋਂ ਪਹਿਲਾਂ ਫ਼ਾਇਰ ਬ੍ਰਿਗੇਡ ਦੀ ਗੱਡੀਆਂ ਭੇਜੀਆਂ ਗਈਆਂ। ਉਸ ਤੋਂ ਬਾਅਦ ਹਨੇਰੀ-ਤੂਫਾਨ ਜ਼ਿਆਦਾ ਆਉਣ ਕਾਰਨ ਜ਼ਿਲ੍ਹੇ ਵਿਚ ਕਰੀਬ 15 ਤੋਂ 20 ਥਾਵਾਂ 'ਤੇ ਅੱਗ ਲੱਗ ਗਈ ਸੀ, ਜਿਸ ਨੂੰ ਕਾਬੂ ਕਰ ਲਿਆ ਗਿਆ। ਇਸ ਅੱਗ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਉਥੇ ਹੀ ਉਨ੍ਹਾਂ ਦਸਿਆ ਕਿ ਖੇਤਾਂ ਵਿਚ ਲੱਗੀ ਅੱਗ ਕਾਰਨ ਕਿਸੇ ਦੀ ਵੀ ਖੜੀ ਕਣਕ ਦੀ ਫ਼ਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।