ਮਾਨਸਾ (ਏਜੰਸੀਆਂ) : ਦਿੱਲੀ ਕਿਸਾਨ ਮੋਰਚੇ ਦੀ ਸ਼ਹੀਦ ਕਿਸਾਨ ਬੀਬੀ ਸੁਖਪਾਲ ਕੌਰ ਭੈਣੀ ਬਾਘਾ ਨੂੰ ਅੱਜ ਪਿੰਡ ਭੈਣੀ ਬਾਘਾ ਦੀ ਪੰਚਾਇਤ , ਪਿੰਡ ਵਾਸੀਆਂ , ਕਿਸਾਨ ਆਗੂਆਂ, ਲਾਗਲੇ ਪਿੰਡਾਂ ਤੋਂ ਕਿਸਾਨਾਂ ਤੇ ਔਰਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਪੂਰੀਆਂ ਸਮਾਜਿਕ ਰਸਮਾਂ ਸਹਿਤ ਸੰਗਰਾਮੀ ਅੰਤਮ ਵਿਦਾਇਗੀ ਦਿੱਤੀ ਗਈ। ਸੁਖਪਾਲ ਕੌਰ ਦੀ ਮ੍ਰਿਤਕ ਦੇਹ ਤੇ ਭਾਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਨਮਾਨ ਦੇ ਤੌਰ ਤੇ ਜੱਥੇਬੰਦੀ ਦੀਆਂ ਰਿਵਾਇਤਾਂ ਅਨੁਸਾਰ ਯੂਨੀਅਨ ਦਾ ਝੰਡਾ ਪਾਇਆ ਗਿਆ। ਸੁਖਪਾਲ ਕੌਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀ ਜਨਮ ਭੂਮੀ ਪਿੰਡ ਭੈਣੀ ਬਾਘਾ ਦੇ ਸਮਸ਼ਾਨ ਘਾਟ ਵਿੱਚ ਸਸਕਾਰ ਨੂੰ ਲਿਜਾਣ ਵੇਲੇ ਮਹੌਲ ਗਮਗੀਨ ਪਰ ਸ਼ਹੀਦੀ ਪ੍ਰਤੀ ਮਾਣ ਵਾਲਾ ਦਿਖਾਈ ਦਿੱਤਾ। ਇਸ ਤੋਂ ਪਹਿਲਾਂ ਅੱਜ ਫਤਿਆਬਾਦ ਦੇ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਵਾਕੇ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਗਿਆ ਤਾਂ ਮਾਨਸਾ ਕੈਂਚੀਆਂ ਤੋਂ ਪਿੰਡ ਤੱਕ ਵੱਡਾ ਕਾਫਲਾ ਜੁੜਿਆ ਜੋ ਸੁਖਪਾਲ ਕੌਰ ਨੂੰ ਨਾਅਰਿਆਂ ਦੀ ਗੂੰਜ਼ ਦੌਰਾਨ ਪਿੰਡ ਭੈਣੀ ਬਾਘਾ ਲੈ ਕੇ ਗਿਆ। ਦੱਸਣਯੋਗ ਹੈ ਕਿ ਸੁਖਪਾਲ ਕੌਰ ਦਿੱਲੀ ਮੋਰਚੇ ਵਿੱਚੋਂ ਪਿੰਡ ਦੀਆਂ ਔਰਤਾਂ ਸਮੇਤ ਵਾਪਸ ਆ ਰਹੀ ਸੀ ਜਿਸ ਨੂੰ ਰਸਤੇ ਵਿੱਚ ਤਬੀਅਤ ਵਿਗੜ ਜਾਣ ਕਾਰਨ ਹਰਿਆਣਾ ਦੇ ਫਤਿਆਬਾਦ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਕਰਾਰ ਦਿੱਤਾ ਸੀ। ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸੁਖਪਾਲ ਕੌਰ ਦੇ ਜਹਾਨੋ ਚਲੇ ਜਾਣ ਨਾਲ ਪਰਿਵਾਰ ਨੂੰ ਅਤੇ ਸਮਾਜ ਨੂੰ ਪੂਰਾ ਦੁੱਖ ਹੈ ਪਰ ਮਾਣ ਵਾਲੀ ਗੱਲ ਇਹ ਹੈ ਕਿ ਸੁਖਪਾਲ ਕੌਰ ਉਨਾਂ 250 ਤੋਂ ਉਪਰ ਸ਼ਹੀਦ ਕਿਸਾਨਾਂ ਦੀ ਲੜੀ ਵਿੱਚ ਪਰੋਈ ਗਈ ਹੈ ਜੋ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਚੱਲ ਰਹੇ ਮੋਰਚੇ ਦੌਰਾਨ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਸਦਾ ਇਸ ਗੱਲ ਤੇ ਮਾਣ ਰਹੇਗਾ ਕਿ ਉਨਾਂ ਦੀ ਬੇਟੀ ਨੇ ਉਸ ਅੰਦੋਲਨ ਵਿੱਚ ਯੋਗਦਾਨ ਪਾ ਕੇ ਜ਼ਿੰਦਗੀ ਲੇਖੇ ਲਾਈ ਹੈ ਜੋ ਸਮੁੱਚੀ ਕਿਸਾਨੀ ਦੀ ਮੌਤ ਦੇ ਵਾਰੰਟਾਂ ਨੂੰ ਰੱਦ ਕਰਵਾਉਣ ਲਈ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਕੌਰ ਭੈਣੀ ਬਾਘਾ ਸਮੇਤ ਇਸ ਅੰਦੋਲਨ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਰੰਗ ਲਿਆਉਣਗੀਆਂ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਭਾਨ ਸਿੰਘ ਬਰਨਾਲਾ, ਮਹਿੰਦਰ ਸਿੰਘ ਰੁਮਾਣਾ, ਜਸਵਿੰਦਰ ਕੌਰ, ਰਾਣੀ ਕੌਰ, ਡਕੌਂਦਾ ਗਰੁੱਪ ਦੇ ਇਕਬਾਲ ਸਿੰਘ ਮਾਨਸਾ ਅਤੇ ਬਲਵਿੰਦਰ ਸ਼ਰਮਾ, ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸੁਖਪਾਲ ਕੌਰ ਦੇ ਬੱਚਿਆਂ ਨੂੰ 10 ਲੱਖ ਰੁਪਏ ਦਾ ਮੁਆਵਜਾ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜਾ ਖਤਮ ਕੀਤਾ ਜਾਵੇ।