ਚੰਡੀਗੜ੍ਹ : ਈ. ਡੀ. ਦੀ ਕਾਰਵਾਈ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ-ਦੋ ਦਿਨਾਂ ਵਿਚ ਕਿਸਾਨ ਅੰਦੋਲਨ ਵਿਚ ਜਾਣ ਦਾ ਐਲਾਨ ਕੀਤਾ ਹੈ। ਇਕ ਵੀਡੀਓ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਹੈ ਕਿ ਜੇਕਰ ਭਾਜਪਾ ਸਰਕਾਰ ਇਹ ਸਮਝਦੀ ਹੈ ਕਿ ਪਰਚੇ ਦਰਜ ਕਰਕੇ ਜਾਂ ਛਾਪੇਮਾਰੀ ਕਰਵਾ ਕੇ ਮੈਨੂੰ ਡਰਾਇਆ ਜਾ ਸਕਾਦਾ ਹੈ ਤਾਂ ਇਹ ਗਲਤ-ਫਹਿਮੀ ਹੈ। ਉਨ੍ਹਾਂ ਆਖਿਆ ਕਿ ਅਗਲੇ ਦਿਨਾਂ ਵਿਚ ਉਹ ਅੰਦੋਲਨ ਵਿਚ ਜਾਣ ਦੀ ਕਾਲ ਦੇਣਗੇ ਅਤੇ ਜਿਹੜਾ ਵੀ ਕੇਂਦਰ ਸਰਕਾਰ ਦੇ ਫ਼ੈਸਲਿਆਂ ਖ਼ਿਲਾਫ਼ ਹੈ ਅਤੇ ਕਿਸਾਨ ਅੰਦੋਲਨ ਦੀ ਹਿਮਾਇਤ ਕਰਦਾ ਹੈ ਉਹ ਮੇਰੇ ਨਾਲ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਜਾ ਸਕਦਾ ਹੈ।
ਈ. ਡੀ. ਵੱਲੋਂ ਲਾਏ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਉਨ੍ਹਾਂ ਕਿਹਾ ਕਿ ਈ. ਡੀ. ਦੀ ਟੀਮ ਨੂੰ ਉਨ੍ਹਾਂ ਦੇ ਘਰ ਵਿਚੋਂ ਕੋਈ ਫ਼ਰਜ਼ੀ ਪਾਸਪੋਰਟ ਨਹੀਂ ਮਿਲਿਆ ਹੈ ਅਤੇ ਨਾ ਹੀ ਕੋਈ ਹੋਰ ਦਸਤਾਵੇਜ਼ ਮਿਲੇ ਹਨ। ਖਹਿਰਾ ਨੇ ਕਿਹਾ ਕਿ ਉਹ ਕਿਸਾਨਾਂ ਦੀ ਹਮਾਇਤ ਵਿਚ ਕਿਸਾਨੀ ਘੋਲ ਵਿਚ ਹਿੱਸਾ ਲੈਂਦੇ ਆ ਰਹੇ ਹਨ ਤੇ ਉਨ੍ਹਾਂ 26 ਜਨਵਰੀ ਨੂੰ ਨਵੀਂ ਦਿੱਲੀ ’ਚ ਉੱਤਰਾਖੰਡ ਨਾਲ ਸਬੰਧਤ ਨੌਜਵਾਨ ਕਿਸਾਨ ਨਵਰੀਤ ਦੀ ਹੱਤਿਆ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਵੀ ਉਹ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਦਬਾਉਣ ਲਈ ਅਕਸਰ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਅਤੇ ਕਿਸਾਨ ਹਮਾਇਤੀਆਂ ਦੇ ਘਰ ਵੀ ਕੇਂਦਰੀ ਜਾਂਚ ਏਜੰਸੀਆਂ ਨੇ ਛਾਪੇਮਾਰੀ ਕੀਤੀ ਹੈ।