ਨਿਊ ਸਾਊਥ ਵੇਲਜ਼ (ਏਜੰਸੀਆਂ) : ਅੱਤਵਾਦ ਖ਼ਿਲਾਫ਼ ਲੜਨ ਵਾਲੇ ਵਿਭਾਗਾਂ ਅਤੇ ਕਰੈਕਟਿਵ ਸੇਵਾਵਾਂ ਨਾਲ ਸਬੰਧਤ ਮੰਤਰੀ ਐਂਥਨੀ ਰੋਬਰਟਸ ਨੇ ਇੱਕ ਅਹਿਮ ਜਾਣਕਾਰੀ ਰਾਹੀਂ ਦੱਸਿਆ ਕਿ ਨਿਊ ਸਾਊਥ ਵੇਲਜ਼ ਦੀਆਂ ਜੇਲ੍ਹਾਂ ਅੰਦਰ ਹੁਣ ਕੋਵਿਡ-19 ਤੋਂ ਬਚਾਉ ਖਾਤਰ ਡਿਜੀਟਲ ਕ੍ਰਾਂਤੀ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਰਾਹੀਂ ਹੁਣ ਕੈਦੀਆਂ ਨੂੰ ਜੇਲ੍ਹ ਅੰਦਰ ਰਹਿ ਕੇ ਹੀ ਵੀਡੀਓ ਕਾਨਫਰੰਸਾਂ ਰਾਹੀਂ ਅਦਾਲਤ ਦੀਆਂ ਕਾਰਵਾਈਆਂ ਭੁਗਤਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਆਦਿ ਨਾਲ ਵੀ ਆਹਮੋ-ਸਾਹਮਣੇ ਗੱਲਬਾਤ ਕਰਨ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਬੀਤੇ ਸਾਲ ਦੇ ਮਾਰਚ ਮਹੀਨੇ ਤੋਂ ਸ਼ੁਰੂ ਅਜਿਹੀਆਂ ਕਾਰਵਾਈਆਂ -ਜੋ ਕਿ ਕਰੋਨਾ ਦੀ ਮਾਰ ਤੋਂ ਬਚਣ ਲਈ ਸ਼ੁਰੂ ਕੀਤੀਆਂ ਗਈਆਂ ਸਨ, ਦੇ ਜ਼ਰੀਏ ਹੁਣ ਤੱਕ 200, 000 ਅਜਿਹੀਆਂ ਮੁਲਾਕਾਤਾਂ ਨੂੰ ਅੰਜਾਮ ਦਿੱਤਾ ਜਾ ਚੁਕਿਆ ਹੈ। ਇਸ ਦੌਰਾਨ 1, 800 ਦੇ ਕਰੀਬ ਸਥਾਨਕ ਅਦਾਲਤਾਂ ਦੀਆਂ ਕਾਰਵਾਈਆਂ, 80, 000 ਵੀਡੀਉ ਦੇ ਜ਼ਰੀਏ ਅਦਾਲਤ ਦੀਆਂ ਕਾਰਵਾਈਆਂ ਅਤੇ 120, 000 ਪ੍ਰਫੈਸ਼ਨਲ ਵਿਜ਼ਿਟਾਂ ਆਦਿ ਕੀਤੀਆਂ ਜਾ ਚੁਕੀਆਂ ਹਨ। ਇਨ੍ਹਾਂ ਸਾਰੀਆਂ ਕਾਰਵਾਈਆਂ ਅਤੇ ਕੈਦੀਆਂ ਦੀਆਂ ਉਨ੍ਹਾਂ ਦੇ ਮਿਲਣ ਵਾਲਿਆਂ ਨਾਲ ਵੀਡੀਉ ਕਾਨਫਰੰਸਾਂ ਨੂੰ ਲਾਜ਼ਮੀ ਤੌਰ ਤੇ ਜੇਲ੍ਹ ਅਧਿਕਾਰੀਆਂ ਵੱਲੋਂ ਪੂਰੀ ਤਰ੍ਹਾਂ ਵਾਚਿਆ ਜਾਂਦਾ ਹੈ ਅਤੇ ਇਨ੍ਹਾਂ ਦਾ ਪੂਰਾ ਰਿਕਾਰਡ ਵੀ ਰੱਖਿਆ ਜਾਂਦਾ ਹੈ।
ਕਮਿਸ਼ਨਰ ਪੀਟਰ ਸੈਵਰਿਨ ਦਾ ਕਹਿਣਾ ਹੈ ਕਿ ਇਸ ਜ਼ਰੀਏ ਕੈਦੀਆਂ ਨੂੰ ਹੋਰ ਵੀ ਸਹੂਲਤਾਂ ਆਦੀ ਪ੍ਰਾਪਤ ਹੋ ਜਾਂਦੀਆਂ ਹਨ ਜਿਵੇਂ ਕਿ ਆਨਲਾਈਨ ਪੜ੍ਹਾਈ ਆਦਿ ਕਰਨ ਦੀ ਸਹੂਲਤ, ਪੜ੍ਹਾਈ ਆਦਿ ਦਾ ਮੈਟੀਰੀਅਲ, ਖ਼ਬਰਾਂ ਦੀਆਂ ਕੁੱਝ ਪ੍ਰਵਾਨਿਤ ਸਾਈਟਾਂ ਨੂੰ ਦੇਖਣ, ਅਤੇ ਆਪਣੇ ਮਿਲਣ ਵਾਲਿਆਂ ਨਾਲ ਫੋਨ ਕਾਲ ਆਦਿ ਦੀਆਂ ਸੁਵਿਧਾਵਾਂ ਵੀ ਇਸ ਵਿੱਚ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਆਦਿ ਵਧਾਉਣ ਲਈ 15 ਮਿਲੀਅਨ ਡਾਲਰਾਂ ਦਾ ਫੰਡ, ਬਾਡੀ ਸਕੈਨਿੰਗ ਵੀਰਗੀਆਂ ਤਕਨੀਕਾਂ ਦੇ ਯੰਤਰਾਂ ਆਦਿ ਲਈ ਵੀ ਖਰਚੇ ਹਨ ਅਤੇ ਇਨ੍ਹਾਂ ਨਾਲ ਜੇਲ੍ਹ ਅਧਿਕਾਰੀਆਂ ਨੂੰ ਪੂਰਨ ਲਾਭ ਮਿਲ ਰਿਹਾ ਹੈ ਅਤੇ ਜੇਲ੍ਹਾਂ ਦੀ ਸੁਰੱਖਿਆ ਵਿੱਚ ਚੋਖਾ ਵਾਧਾ ਹੋਇਆ ਹੈ।