ਮੁਹਾਲੀ (ਸੱਚੀ ਕਲਮ ਬਿਊਰੋ) : ਆਮ ਆਦਮੀ ਪਾਰਟੀ ਦਾ ਕਾਫਲਾ ਦਿਨੋਂ ਦਿਨ ਵੱਡੇ ਹੁੰਦਾ ਜਾ ਰਿਹਾ ਹੈ। ਇਕ ਸੋਹਣਾ ਪੰਜਾਬ ਸਿਰਜਨ ਦੇ ਲਈ ਪੰਜਾਬ ਦੇ ਵੱਡੇ ਵੱਡੇ ਸੇਵਾ ਮੁਕਤ ਅਫਸਰ, ਸਮਾਜ ਸੇਵਕ ਅਤੇ ਹੋਰਨਾਂ ਲੋਕਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਨੂੰ ਮੋਹਾਲੀ ਜ਼ਿਲ੍ਹੇ ਵਿੱਚ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਸਾਬਕਾ ਏਆਈਜੀ ਸਰਬਜੀਤ ਸਿੰਘ ਪੰਧੇਰ ਪੀਪੀਐਸ ਨੇ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ 'ਚ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਯੂਥ ਵਿੰਗ ਦੀ ਸੂਬਾ ਸਹਿ ਪ੍ਰਧਾਨ ਗਗਨ ਅਨਮੋਲ ਮਾਨ, ਮੋਹਾਲੀ ਦੇ ਪ੍ਰਧਾਨ ਗੋਲਡੀ, ਸਕੱਤਰ ਪ੍ਰਭਜੋਤ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ। ਪਾਰਟੀ ਵਿੱਚ ਸ਼ਾਮਲ ਹੋਣ ਉੱਤੇ ਸਵਾਗਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ ਇਸ ਲਈ ਦਿਨੋਂ ਦਿਨ ਵੱਡੀਆਂ ਹਾਸਤੀਆਂ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਹਨ। ਇਸ ਮੌਕੇ ਸਰਬਜੀਤ ਸਿੰਘ ਪੰਧੇਰ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 'ਆਪ' 'ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜੋ ਕੰਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਸਾਰੇ ਦੇਸ਼ ਵਿੱਚ ਉਨ੍ਹਾਂ ਦੇ ਕੰਮਾਂ ਦੀ ਚਰਚਾ ਹੋ ਰਹੀ ਹੈ। ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਅੱਜ ਪਾਰਟੀ ਵਿੱਚ ਸ਼ਾਮਲ ਹੋਏ ਹਨ। ਪਾਰਟੀ ਜੋ ਵੀ ਉਨ੍ਹਾਂ ਨੂੰ ਜ਼ਿੰਮੇਵਾਰੀ ਦੇਵੇਗੀ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।