ਚੰਡੀਗੜ੍ਹ : ਲੰਮੇ ਸਮੇਂ ਮਗਰੋਂ ਅੱਜ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਬੋਲੇ ਕਿ ਦੇਸ਼ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਜਿਨ੍ਹਾਂ ਲੋਕਾਂ ਲਈ ਕਾਨੂੰਨ ਬਣਾਏ ਹਨ, ਉਹ ਹੀ ਕਾਨੂੰਨਾਂ ਦਾ ਡਟਵਾਂ ਵਿਰੋਧ ਕਰ ਰਹੇ ਹਨ। ਜਦੋਂਕਿ ਸਰਕਾਰ ਕਾਨੂੰਨਾਂ ਦਾ ਵਜੂਦ ਬਣਾਏ ਰੱਖਣ ਦੀ ਜਿੱਦ 'ਤੇ ਅੜੀ ਹੋਈ ਹੈ। ਇਸਤੋਂ ਬੁਰਾ ਕੁਝ ਵੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਹੀ ਨਵੇਂ ਕਾਨੂੰਨਾਂ ਤੋਂ ਖੁਸ਼ ਨਹੀਂ ਹਨ ਤਾਂ ਇਨ੍ਹਾਂ ਨੂੰ ਬਣਾਏ ਰੱਖਣ ਦੀ ਕੋਈ ਤੁੱਕ ਨਹੀਂ ਬਣਦਾ। ਕੇਂਦਰ ਸਰਕਾਰ ਨੇ ਬਿਨ੍ਹਾਂ ਵਜ੍ਹਾ ਤੋਂ ਕਾਨੂੰਨਾਂ ਵਾਲਾ ਗਲਤ ਕੰਮ ਕਰਕੇ ਦੇਸ਼ ਨੂੰ ਵੱਡੇ ਸੰਘਰਸ਼ ਵਿੱਚ ਝੋਂਕ ਦਿੱਤਾ। ਜਿਸਦੇ ਕੋਰੋਨਾ ਅਤੇ ਆਰਥਿਕ ਮੰਦਹਾਲੀ 'ਚ ਘਿਰੇ ਲਈ ਦੇਸ਼ ਅਤੇ ਸੂਬੇ ਵਾਸਤੇ ਚੰਗੇ ਨਤੀਜੇ ਨਹੀਂ ਨਿਕਲਣੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਥੋੜ੍ਹਾ ਝੁੱਕ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਆਪਣੇ ਵੱਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ।
ਜਾਣਕਾਰੀ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਮੇ ਸਮੇਂ ਤੋਂ ਕੋਰੋਨਾ ਕਰਕੇ ਡਾਕਟਰੀ ਹਦਾਇਤਾਂ 'ਤੇ ਘਰ ਵਿੱਚ ਹੀ ਏਕਾਂਤਵਾਸ 'ਤੇ ਹੀ ਸਨ। ਕਈ ਹਫ਼ਤਿਆਂ ਬਾਅਦ ਬਾਦਲ ਸਾਹਿਬ ਅੱਜ ਆਪਣੇ ਘਰੋਂ ਬਾਹਰ ਨਿਕਲੇ ਸਨ।