ਰਜਿਸਟਰਡ ਯੋਗ ਲਾਭਪਾਤਰੀਆਂ ਨੂੰ ਵਿਸ਼ੇਸ਼ ਕੈਂਪਾਂ ਦੌਰਾਨ ਪਹੁੰਚ ਕਰਕੇ ਆਪਣੇ ਈ. ਕਾਰਡ ਬਣਵਾਉਣ ਦੀ ਅਪੀਲ
ਸੰਗਰੂਰ (ਸੱਚੀ ਕਲਮ ਬਿਊਰੋ) : ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਜ਼ਿਲਾ ਸੰਗਰੂਰ ਅੰਦਰ ਹਜ਼ਾਰਾਂ ਮਰੀਜ਼ ਨਗਦੀ ਰਹਿਤ ਮੁਫ਼ਤ ਸਿਹਤ ਸਹੂਲਤਾਂ ਲੈ ਚੁੱਕੇ ਹਨ। ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਵਾਲੀਆਂ ਬਿਹਤਰੀਨ 10 ਸਿਹਤ ਸੰਸਥਾਵਾਂ ਦੀ ਸੂਚੀ ਵਿੱਚ 7 ਸਰਕਾਰੀ ਸਿਹਤ ਸੰਸਥਾਵਾਂ ਤੋਂ ਮਰੀਜ਼ਾਂ ਨੇ ਇਲਾਜ਼ ਕਰਵਾਇਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਵੱਡੀ ਗਿਣਤੀ ਮਰੀਜ਼ਾਂ ਵੱਲੋਂ ਇਲਾਜ਼ ਲਈ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਤੱਕ ਪਹੁੰਚ ਕੀਤੀ ਹੈ। ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਭ ਤੋਂ ਵੱਧ ਮਰੀਜ਼ਾਂ ਨੂੰ ਨਗਦੀ ਰਹਿਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮੋਹਰੀ ਰਹਿਣ ਵਾਲੀਆਂ 10 ਸਿਹਤ ਸੰਸਥਾਵਾਂ ’ਚੋਂ 7 ਸਰਕਾਰੀ ਸਿਹਤ ਸੰਸਥਾਵਾਂ ਸ਼ਾਮਿਲ ਹਨ। ਉਨਾਂ ਦੱਸਿਆ ਕਿ ਟਾਟਾ ਮੈਮੋਰੀਅਲ ਸੈਂਟਰ ਨੇ 4302 ਮਰੀਜ਼ਾਂ ਨੂੰ 7.30 ਕਰੋੜ ਰੁਪਏ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਇਸ ਤੋਂ ਇਲਾਵਾ ਜ਼ਿਲਾ ਹਸਪਤਾਲ ਸੰਗਰੂਰ ਨੇ 3870 ਮਰੀਜ਼ਾਂ ਨੂੰ 2.81 ਕਰੋੜ , ਸਿਬੀਆ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਨੇ 2742 ਮਰੀਜਾਂ ਨੂੰ 0.71 ਕਰੋੜ, ਸਬ ਡਵੀਜ਼ਨ ਹਸਪਤਾਲ ਮਾਲੇਰਕੋਟਲਾ ਨੇ 2407 ਮਰੀਜ਼ਾਂ ਨੂੰ 2.29 ਕਰੋੜ, ਹਜ਼ਰਤ ਹਲੀਮਾ ਮੈਟਰਨਿਟੀ ਅਤੇ ਜਨਰਲ ਹਸਪਤਾਲ ਮਾਲੇਰਕੋਟਲਾ ਨੇ 2161 ਮਰੀਜਾਂ ਨੂੰ 0.64 ਕਰੋੜ, ਹਿੰਦ ਹਸਪਤਾਲ ਨੇ 1902 ਮਰੀਜਾਂ ਨੂੰ 1.07 ਕਰੋੜ, ਸਬ ਡਵੀਜ਼ਨ ਹਸਪਤਾਲ ਸੁਨਾਮ ਨੇ 1144 ਮਰੀਜਾਂ ਨੂੰ 0.47 ਕਰੋੜ, ਸੀ.ਐੱਚ.ਸੀ ਭਵਾਨੀਗੜ ਨੇ 1108 ਮਰੀਜਾਂ ਨੂੰ 0.53 ਕਰੋੜ, ਸੀ.ਐੱਚ.ਸੀ ਅਮਰਗੜ ਨੇ 1066 ਮਰੀਜ਼ਾਂ ਨੂੰ 0.52 ਕਰੋੜ ਅਤੇ ਸਬ ਡਵੀਜ਼ਨ ਹਸਪਤਾਲ ਧੂਰੀ ਨੇ 889 ਮਰੀਜ਼ਾਂ ਨੂੰ 0.96 ਕਰੋੜ ਦੀਆਂ ਇਲਾਜ਼ ਸਹੂਲਤਾਂ ਮੁਹੱਈਆ ਕਰਵਾਈਆਂ ਹਨ।
ਡਿਪਟੀ ਕਮਿਸ਼ਨਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਵਿੱਚ ਰਜਿਸਟਰਡ ਯੋਗ ਲਾਭਪਾਤਰੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦੌਰਾਨ ਪਹੁੰਚ ਕਰਕੇ ਆਪਣੇ ਈ. ਕਾਰਡ ਬਣਵਾਉਣ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਈ. ਕਾਰਡ ਬਣਵਾਉਣ ਲਈ ਜ਼ਿਲਾ ਪੱਧਰ ਤੇ ਸਾਰੀਆਂ ਮਾਰਕਿਟ ਕਮੇਟੀਆਂ ਅਤੇ ਸੇਵਾ ਕੇਂਦਰਾਂ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ ’ਤੇ ਪਹੁੰਚ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਵਿਸ਼ੇਸ਼ ਕੈਂਪਾਂ ਦੌਰਾਨ ਚਲਾਈ ਮੁਹਿੰਮ 28 ਫਰਵਰੀ ਤੱਕ ਜਾਰੀ ਰਹੇਗੀ।