ਜ਼ਿਲ੍ਹੇ ਦੇ 26331 ਯੋਗ ਲਾਭਪਤਾਰੀਆਂ ਨੇ 21 ਕਰੋੜ 89 ਲੱਖ 42 ਹਜ਼ਾਰ 526 ਰੁਪਏ ਦਾ ਨਕਦੀ ਰਹਿਤ ਇਲਾਜ ਕਰਵਾਇਆ : ਰਾਮਵੀਰ
ਸੰਗਰੂਰ (ਸੱਚੀ ਕਲਮ ਬਿਊਰੋ) : ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ (ਐਸ.ਐਸ.ਬੀ.ਵਾਈ.) ਤਹਿਤ ਜ਼ਿਲ੍ਹਾ ਪੱਧਰ ’ਤੇ ਰਜਿਸਟਰਡ ਯੋਗ ਲਾਭਪਤਾਰੀਆਂ ਦੇ ਈ. ਕਾਰਡ ਬਣਾਉਣ ਲਈ 28 ਫਰਵਰੀ 2021 ਤੱਕ ਹਫ਼ਤਾ ਭਰ ਵਿਸੇਸ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਯੋਗ ਲਾਭਪਾਤਰੀ ਈ. ਕਾਰਡ ਬਣਾਉਣ ਲਈ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਯੋਗ ਲਾਭਪਾਤਰੀ ਆਪਣਾ ਈ-ਕਾਰਡ ਬਣਵਾਉਣ ਲਈ ਢੁੱਕਵੇਂ ਪਛਾਣ ਦਸਤਾਵੇਜ਼ਾਂ ਨਾਲ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਸੇਵਾ ਕੇਂਦਰਾਂ ਜਾਂ ਮਾਰਕੀਟ ਕਮੇਟੀਆਂ ਤੱਕ ਪਹੁੰਚ ਕਰਨ ਤਾਂ ਜੋ ਉਨਾਂ ਨੂੰ 5 ਲੱਖ ਰੁਪਏ ਤੱਕ ਦੀਆਂ ਨਕਦੀ ਰਹਿਤ ਇਲਾਜ ਸੇਵਾਵਾਂ ਦਾ ਲਾਭ ਮਿਲ ਸਕੇ। ਉਨਾਂ ਕਿਹਾ ਕਿ ਜਿਨਾਂ ਲਾਭਪਾਤਰੀਆਂ ਕੋਲ ਪਰਿਵਾਰਕ ਦਸਤਾਵੇਜ਼ ਨਹੀਂ ਹਨ, ਨੂੰ ਰਾਹਤ ਪ੍ਰਦਾਨ ਕਰਦਿਆਂ ਰਾਜ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਤਹਿਤ ਸਰਪੰਚ/ਨਗਰ ਕੌਂਸਲਰ ਦੁਆਰਾ ਤਸਦੀਕ ਕੀਤਾ ਹੋਇਆ ਪਰਿਵਾਰਕ ਘੋਸ਼ਣਾ ਪੱਤਰ ਸੀ.ਐਸ.ਸੀਜ਼, ਸੇਵਾ ਕੇਂਦਰਾਂ ਜਾਂ ਮਾਰਕੀਟ ਕਮੇਟੀਆਂ ਵਿਖੇ ਦੇਣਾ ਹੋਵੇਗਾ। ਉਨਾਂ ਕਿਹਾ ਕਿ ਇਸ ਲਈ ਫਾਰਮ ਵੈਬਸਾਈਟ www.sha.punjab.gov.in ’ਤੇ ਉਪਲਬਧ ਹੈ।
ਉਨ੍ਹਾਂ ਦੱਸਿਆ ਕਿ ਲਾਭਪਾਤਰੀ ਪਰਿਵਾਰਾਂ ਵਿੱਚ ਸਮਾਰਟ ਰਾਸ਼ਨ ਕਾਰਡ ਧਾਰਕ, ਐਸ.ਈ.ਸੀ.ਸੀ. ਪਰਿਵਾਰ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਉਸਾਰੀ ਕਿਰਤੀ, ਛੋਟੇ ਵਪਾਰੀ ਅਤੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਸ਼ਾਮਲ ਹਨ। ਉਨਾਂ ਕਿਹਾ ਕਿ ਆਪਣੀ ਯੋਗਤਾ ਦੀ ਜਾਂਚ ਲਈ ਕੋਈ ਵੀ ਵਿਅਕਤੀ ਅਧਿਕਾਰਤ ਵੈਬਸਾਈਟ www.sha.punjab.gov.in ’ਤੇ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਅੰਦਰ ਸਰਬੱਤ ਸਿਹਤ ਬੀਮਾ ਯੋਜਨਾ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ ਕਿ 21 ਫ਼ਰਵਰੀ 2021 ਤੱਕ 2 ਲੱਖ 38 ਹਜ਼ਾਰ 903 ਈ. ਕਾਰਡ ਬਣਾਏ ਗਏ ਹਨ ਅਤੇ 26 ਹਜ਼ਾਰ 331 ਲਾਭਪਾਤਰੀਆਂ ਨੂੰ 21 ਕਰੋੜ 89 ਲੱਖ 42 ਹਜ਼ਾਰ 526 ਰੁਪਏ ਦੀਆਂ ਨਕਦੀ ਰਹਿਤ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।