ਲੁਧਿਆਣਾ (ਏਜੰਸੀਆਂ) : ਹਲਕਾ ਜ਼ੀਰਾ ਦੇ ਸੇਖਵਾਂ ਵਿਖੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਦੀ ਬਿਜਲੀ ਸਪਲਾਈ ਠੀਕ ਕਰਦੇ ਸਮੇਂ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਸੇਖ਼ਵਾਂ ਨਿਵਾਸੀ ਕਰਮਜੀਤ ਸਿੰਘ ਆਪਣੇ ਖ਼ੇਤਾਂ ਨੂੰ ਪਾਣੀ ਲਗਾਉਣ ਲਈ ਗਿਆ ਸੀ ਕਿ ਅਚਾਨਕ ਬਿਜਲੀ ਦਾ ਫਿਊਜ਼ ਉੱਡ ਗਿਆ। ਉਹ ਬਿਜਲੀ ਕੱਟ ਕਰਕੇ ਟਰਾਂਸਫਾਰਮਰ ਉੱਪਰ ਬਿਜਲੀ ਠੀਕ ਕਰਨ ਲਈ ਗਿਆ ਹੀ ਸੀ ਕਿ ਸਵਿੱਚ ਖ਼ਰਾਬ ਹੋਣ ਕਾਰਨ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਕਰਮਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਕਰਮਜੀਤ ਸਿੰਘ ਦੇ ਪਿਤਾ ਅਤਰ ਸਿੰਘ ਨੇ ਦੱਸਿਆ ਕਿ ਸਵਿੱਚ ਦੀ ਖ਼ਰਾਬੀ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਪਰ ਬਿਜਲੀ ਮੁਲਾਜ਼ਮਾਂ ਦੀ ਲਾਪ੍ਰਵਾਹੀ ਕਾਰਨ ਕਰਮਜੀਤ ਸਿੰਘ ਮੌਤ ਦੇ ਮੂੰਹ ਵਿਚ ਚਲਾ ਗਿਆ।