ਬੰਗਾ : ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਖਾਨਖਾਨਾ ਵਿਖੇ ਹੋਏ ਕਤਲ ਸਬੰਧੀ ਨਸ਼ੇੜੀ ਪੁੱਤ ਨੂੰ ਥਾਣਾ ਮੁਕੰਦਪੁਰ ਦੀ ਪੁਲਸ ਨੇ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਬੰਗਾ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਪਿੰਡ ਖਾਨਖਾਨਾ ਨਿਵਾਸੀ ਜਸਵੰਤ ਸਿੰਘ ਉਰਫ ਜੱਸਾ ਪੁੱਤਰ ਪਰਮਿੰਦਰ ਸਿੰਘ ਵਾਸੀ ਪੂੰਨੀਆ ਹਾਲ ਵਾਸੀ ਖਾਨਖਾਨਾ ਨੇ ਦੱਸਿਆ ਕਿ ਉਸ ਦੀਆਂ ਦੋ ਭੈਣਾਂ ਅਤੇ ਇਕ ਭਰਾ ਹੈ। ਉਸ ਦੀਆਂ ਦੋਵਾਂ ਭੈਣਾਂ ਦਾ ਵਿਆਹ ਹੋ ਚੁੱਕਾ ਹੈ ਅਤੇ ਉਸ ਦਾ ਵੱਡਾ ਭਰਾ ਹਰਜੀਤ ਸਿੰਘ ਉਰਫ ਜੀਤਾ ਹੈ। ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਪਿਤਾ ਬੰਗਾ ਵਿਖੇ ਟਰੱਕ ਯੂਨੀਅਨ ਵਿਖੇ ਟਰੱਕ ਡਰਾਈਵਰ ਹਨ। ਉਹ ਵੀ ਖਾਣਾ-ਖਾਣ ਮਗਰੋਂ ਬੰਗਾ ਵਿਖੇ ਕਿਸੇ ਨਿੱਜੀ ਕੰਮ ਲਈ ਆਇਆ ਹੋਇਆ ਸੀ ਅਤੇ ਘਰ 'ਚ ਉਸ ਦਾ ਵੱਡਾ ਭਰਾ ਹਰਜੀਤ ਸਿੰਘ ਉਰਫ ਜੀਤਾ ਹਾਜ਼ਰ ਸੀ। ਜਿਵੇਂ ਹੀ ਉਹ ਕੁਝ ਸਮੇਂ ਮਗਰੋਂ ਘਰ ਵਾਪਸ ਗਿਆ ਤਾਂ ਉਸ ਦੀ ਮਾਂ ਡੰਗਰਾਂ ਵਾਲੇ ਵਾੜੇ ਅੰਦਰ ਮਾਰ ਦਿੱਤਾ ਦਾ ਰੌਲਾ ਪਾ ਰਹੀ ਸੀ। ਉਸ ਨੇ ਥੋੜ੍ਹਾ ਅੱਗੇ ਹੋ ਦੇਖਿਆ ਤਾਂ ਉਸ ਦੀ ਮਾਂ ਜ਼ਮੀਨ ਉੱਤੇ ਡਿੱਗੀ ਹੋਈ ਸੀ ਅਤੇ ਉਸ ਦਾ ਹੀ ਭਰਾ ਜੀਤਾ ਹੱਥ ਵਿਚ ਗੋਹਾ ਇਕੱਠਾ ਕਰਨ ਵਾਲਾ ਲੋਹੇ ਦਾ ਫਹੁੜਾ ਫੜ ਉਸ ਦੇ ਸਿਰ 'ਤੇ ਵਾਰ ਕਰ ਰਿਹਾ ਸੀ। ਉਸ ਦਾ ਭਰਾ ਉਸ ਨੂੰ ਦੇਖ ਫਹੁੜੇ ਸਮੇਤ ਉਥੋਂ ਭੱਜ ਗਿਆ। ਜਦੋਂ ਉਸ ਨੇ ਆਪਣੀ ਮਾਂ ਕੋਲ ਜਾ ਕੇ ਦੇਖਿਆ ਤਾਂ ਉਹ ਦਮ ਤੋੜ ਚੁੱਕੀ ਸੀ। ਡੀ. ਐੱਸ. ਪੀ. ਬੰਗਾ ਨੇ ਦੱਸਿਆ ਕਿ ਉਕਤ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਕਤਲ ਦੇ ਮੁੱਖ ਮੁਲਜ਼ਮ ਹਰਜੀਤ ਸਿੰਘ ਉਰਫ ਜੀਤਾ ਵਿਰੁੱਧ ਮਾਮਲਾ ਦਰਜ ਕਰਕੇ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ, ਜਿਸ ਨੂੰ ਅੱਜ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਬੀਕਾ ਦੀ ਪੁਲੀ ਨਹਿਰ ਲਾਗਿਓਂ ਕਤਲ 'ਚ ਵਰਤੇ ਫਹੁੜੇ ਸਣੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਹਰਜੀਤ ਸਿੰਘ ਉਰਫ ਜੀਤਾ ਨਸ਼ੇ ਦਾ ਆਦੀ ਹੈ ਅਤੇ ਉਸ ਨੇ ਉਕਤ ਕਤਲ ਵੀ ਨਸ਼ਾ ਖਰੀਦਣ ਲਈ ਮਾਂ ਤੋਂ ਪੈਸੇ ਨਾ ਮਿਲਣ ਕਾਰਨ ਹੀ ਕੀਤਾ ਹੈ। ਉਕਤ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਉਨ੍ਹਾਂ ਵਿਅਕਤੀਆਂ ਦਾ ਪਤਾ ਲਾਇਆ ਜਾ ਸਕੇ ਕਿ ਹਰਜੀਤ ਸਿੰਘ ਕਿਹੜੇ ਦੁਕਾਨਦਾਰਾਂ ਕੋਲੋਂ ਨਸ਼ਾ ਲੈਂਦਾ ਸੀ।