ਮੈਲਬੋਰਨ : ਆਸਟਰੇਲੀਆ ਚ 18 ਮਈ ਨੂੰ ਕੇਦਰ ਦੀ ਸਰਕਾਰ ਚੁਣਨ ਲਈ ਵੋਟਾਂ ਪੈਣ ਜਾ ਰਹੀਆ ਹਨ । ਇਹਨਾਂ ਵੋਟਾਂ ਦੇ ਮੱਦੇਨਜ਼ਰ ਹਰ ਪਾਰਟੀ ਵਲੋ ਅਪਣੀ ਨੀਤੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅੱਜ ਜਦੋ ਸਿਡਨੀ ਦੇ ਇਕ ਹਿੱਸੇ ਵਿਚ ਬਜ਼ੁਰਗ ਔਰਤਾਂ ਵਲੋ ਕਰਵਾਏ ਗਏ ਇਕ ਸਮਾਗਮ ਵਿਚ ਹਿੱਸਾ ਲੈਣ ਗਏ ਤਾਂ ਲਿਬਰਲ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜਾਰੀ ਦਾ ਵਿਰੋਧ ਕਰ ਰਹੀ ਇਕ ਔਰਤ ਨੇ ਪ੍ਰਧਾਨ ਮੰਤਰੀ ਦੇ ਸਿਰ ਉੱਤੇ ਅੰਡਾ ਮਾਰ ਦਿਤਾ । ਦੋਸ਼ੀ ਔਰਤ ਨੂੰ ਸਕੌਟ ਮੌਰੀਸਨ ਦੀ ਸੁਰੱਖਿਆ ਵਿਚ ਤੈਨਾਤ ਦਸਤੇ ਨੇ ਤੁਰੰਤ ਗ੍ਰਿਫ਼ਤਾਰ ਕਰ ਕੇ ਪੁਲਿਸ ਦੇ ਹਵਾਲੇ ਕਰ ਦਿਤਾ। ਪੁਲਿਸ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਹਮਲਾ ਕਰਨ ਵਾਲੀ 24 ਸਾਲਾਂ ਉਸ ਔਰਤ ਪਾਸੋ ਤਲਾਸੀ ਦੌਰਾਨ ਨਸ਼ੇ ਦੀ ਵਸਤੂਆਂ ਵੀ ਬਰਾਮਦ ਹੋਈਆ ਹਨ ਅਤੇ ਅਦਾਲਤ ਵਿਚ ਪੇਸ਼ ਕਰਨ ਤਂੋ ਬਾਅਦ ਦੋਸ਼ੀ ਔਰਤ ਨੂੰ ਜੱਜ ਵਲੋਂ ਜਮਾਨਤ ਉੱਤੇ ਰਿਹਾਅ ਵੀ ਕਰ ਦਿਤਾ ਗਿਆ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਮੁਤਾਬਕ ਵੋਟਰਾਂ ਦਾ ਅਜਿਹਾ ਵਤੀਰਾ ਨਿੰਦਣਯੋਗ ਹੈ ਅਤੇ ਕਿਸੇ ਵੀ ਹਾਲਤ ਵਿਚ ਬਰਦਾਸਤ ਨਹੀ ਕੀਤਾ ਜਾ ਸਕਦਾ।