ਅਜਮੇਰ: ਕਾਂਗਰਸ ਨੇਤਾ ਰਾਹੁਲ ਗਾਂਧੀ ਰਾਜਸਥਾਨ ਦੌਰੇ ਦੇ ਦੂਜੇ ਦਿਨ ਸ਼ਨੀਵਾਰ ਅਜਮੇਰ ਦੇ ਕਿਸ਼ਨਗੜ ਪਹੁੰਚੇ। ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ, ਕਾਂਗਰਸ ਦੇ ਸੂਬਾ ਇੰਚਾਰਜ ਅਜੇ ਮਾਕਨ ਸਮੇਤ ਸਾਰੇ ਸੀਨੀਅਰ ਕਾਂਗਰਸੀ ਆਗੂ ਉਨ੍ਹਾਂ ਦੇ ਨਾਲ ਸਨ। ਕਾਂਗਰਸ ਨੇਤਾ ਰਾਹੁਲ ਗਾਂਧੀ ਰਾਜਸਥਾਨ ਦੌਰੇ ਦੇ ਦੂਜੇ ਦਿਨ ਸ਼ਨੀਵਾਰ ਨੂੰ ਸੁਰਸੁਰਾ ਵਿੱਚ ਲੋਕਦੇਵਤਾ ਤੇਜਾਜੀ ਮਹਾਰਾਜ ਮੰਦਿਰ ਗਏ। ਰਾਹੁਲ ਗਾਂਧੀ, ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਸਮੇਤ ਕਾਂਗਰਸ ਦੇ ਸੂਬਾ ਇੰਚਾਰਜ ਅਜੇ ਮਾਕਨ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਹੋਰ ਕਾਂਗਰਸੀ ਨੇਤਾਵਾਂ ਦੇ ਨਾਲ ਮੰਦਰ ਪਹੁੰਚੇ ਅਤੇ ਉਥੇ ਦਰਸ਼ਨ ਕੀਤੇ।
ਇਸ ਤੋਂ ਬਾਅਦ ਹੁਣ ਰਾਹੁਲ ਗਾਂਧੀ ਅਜਮੇਰ 'ਚ ਇਕ ਟਰੈਕਟਰ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰ ਹੈ। ਇਹ 40 ਕਰੋੜ ਲੋਕਾਂ ਦਾ ਕਾਰੋਬਾਰ ਹੈ। ਨਰਿੰਦਰ ਮੋਦੀ ਚਾਹੁੰਦੇ ਹਨ ਕਿ ਇਹ ਉਨ੍ਹਾਂ ਦੇ 2 ਦੋਸਤਾਂ ਨੂੰ ਸੌਂਪਿਆ ਜਾਵੇ। ਜੇਕਰ ਨਰਿੰਦਰ ਮੋਦੀ ਦੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਨਾ ਸਿਰਫ਼ ਕਿਸਾਨੀ ਨੂੰ ਨੁਕਸਾਨ ਪਹੁੰਚੇਗਾ ਬਲਕਿ ਹਰ ਕੋਈ ਪ੍ਰਭਾਵਿਤ ਹੋਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਨੂੰਨ ਲਾਗੂ ਹੋਣ ਕਾਰਨ ਦੇਸ਼ ਦੇ ਕਿਸੇ ਵੀ ਨੌਜਵਾਨ ਨੂੰ ਰੋਜ਼ਗਾਰ ਨਹੀਂ ਮਿਲੇਗਾ। ਨਰਿੰਦਰ ਮੋਦੀ ਲੋਕਾਂ ਨੂੰ ਭੁੱਖ, ਬੇਰੁਜ਼ਗਾਰੀ ਅਤੇ ਖ਼ੁਦਕੁਸ਼ੀ ਦਾ ਬਦਲ ਦੇ ਰਹੇ ਹਨ। ਇਸ ਤੋਂ ਬਾਅਦ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਮੈਂ ਕਿਸਾਨਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ, ਕਿਸ ਬਾਰੇ ਗੱਲ ਕਰਨਾ ਚਾਹੁੰਦੇ ਹਨ। ਜਦੋਂ ਤੱਕ ਤੁਸੀਂ ਇਹ ਕਾਨੂੰਨ ਵਾਪਸ ਨਹੀਂ ਲੈਂਦੇ ਉਦੋਂ ਤੱਕ ਹਿੰਦੁਸਤਾਨ ਦਾ ਇੱਕ ਕਿਸਾਨ ਤੁਹਾਡੇ ਨਾਲ ਉਦੋਂ ਤੱਕ ਗੱਲ ਨਹੀਂ ਕਰੇਗਾ।