Thursday, April 03, 2025
 

ਸਿਆਸੀ

CM ਨੇ ਕੇਂਦਰ ਸਰਕਾਰ ਵੱਲੋਂ ਸੰਸਦੀ ਹਲਕਿਆਂ ਦੀ ਕੀਤੀ ਜਾ ਰਹੀ 'ਗੈਰ-ਵਾਜਬ ਹੱਦਬੰਦੀ' ਦਾ ਸਖ਼ਤ ਵਿਰੋਧ ਕਰਨ ਦਾ ਕੀਤਾ ਐਲਾਨ

March 22, 2025 09:58 PM
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਸੰਸਦੀ ਹਲਕਿਆਂ ਦੀ ਕੀਤੀ ਜਾ ਰਹੀ 'ਗੈਰ-ਵਾਜਬ ਹੱਦਬੰਦੀ' ਦਾ ਸਖ਼ਤ ਵਿਰੋਧ ਕਰਨ ਦਾ ਕੀਤਾ ਐਲਾਨ

* ਚੇਨਈ ਵਿਖੇ ਹੱਦਬੰਦੀ ਵਿਰੁੱਧ ਕਰਵਾਈ ਗਈ ਕਾਨਫਰੰਸ ਵਿੱਚ ਕੀਤੀ ਸ਼ਮੂਲੀਅਤ

* ਇਸ ਗੈਰ-ਵਾਜਬ ਅਤੇ ਗੈਰ-ਜਮਹੂਰੀ ਕਦਮ ਦੇ ਵਿਰੋਧ ਵਿੱਚ ਕੀਤੇ ਹਰ ਯਤਨ ਦਾ ਭਰਪੂਰ ਸਮਰਥਨ ਕਰਾਂਗੇ

ਚੇਨਈ, 22 ਮਾਰਚ:


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੀ ਆਵਾਜ਼ ਦਬਾਉਣ ਲਈ ਸੰਸਦੀ ਹਲਕਿਆਂ ਦੀ ਕੀਤੀ ਜਾ ਰਹੀ ਗੈਰ-ਵਾਜਬ, ਨੁਕਸਦੇਹ ਅਤੇ ਗੈਰ-ਜਮਹੂਰੀ ਹੱਦਬੰਦੀ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।

ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਵੱਲੋਂ ਕਰਵਾਈ ਗਈ ਕਾਨਫਰੰਸ ਵਿੱਚ ਸ਼ਮੂਲੀਅਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਭਾਜਪਾ ਵੱਲੋਂ ਉਨ੍ਹਾਂ ਸੂਬਿਆਂ ਵਿੱਚ ਸੀਟਾਂ ਨੂੰ ਘਟਾਉਣਾ, ਜਿੱਥੇ ਉਹ ਜਿੱਤ ਨਹੀਂ ਸਕਦੇ, ਦਾ ਇਹ ਸ਼ਰਮਨਾਕ ਕੰਮ ਗੈਰ- ਜਮਹੂਰੀ ਹੈ ਅਤੇ ਅਸੀਂ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਭਗਵਾ ਪਾਰਟੀ ਦੇ ਨਾਪਾਕ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ।"

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਮਨਮਾਨੀ ਵਾਲੇ ਕਦਮ ਦਾ ਉਦੇਸ਼ ਸਿਰਫ਼ ਉਨ੍ਹਾਂ ਸੂਬਿਆਂ ਵਿੱਚ ਸੀਟਾਂ ਨੂੰ ਘਟਾ ਕੇ ਵਿਰੋਧੀ ਪਾਰਟੀਆਂ ਨੂੰ ਖਤਮ ਕਰਨ ਦਾ ਹੈ, ਜਿੱਥੇ ਭਾਜਪਾ ਜਿੱਤ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਭਾਜਪਾ ਉਸ ਹਿੰਦੀ ਪੱਟੀ ਵਿੱਚ ਸੀਟਾਂ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਜਿੱਥੇ ਉਨ੍ਹਾਂ ਨੂੰ ਜ਼ਿਆਦਾ ਸੀਟਾਂ ਮਿਲਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਹਾਸੋਹੀਣਾ ਹੈ ਕਿ ਦੱਖਣ ਭਾਰਤ ਵਿੱਚ ਆਬਾਦੀ ਘਣਤਾ ਦੇ ਨਾਂ 'ਤੇ ਸੀਟਾਂ ਨੂੰ ਘਟਾਇਆ ਜਾ ਰਿਹਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਦੱਖਣੀ ਸੀਟਾਂ ਨੂੰ ਆਬਾਦੀ ਕੰਟਰੋਲ ਪ੍ਰੋਗਰਾਮਾਂ ਨੂੰ ਲਾਗੂ ਕਰ ਕੇ ਘਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇ ਭਾਜਪਾ ਹੱਦਬੰਦੀ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਸੀਟਾਂ ਦੀ ਗਿਣਤੀ 80 ਤੋਂ ਵਧਾ ਕੇ 140 ਤੋਂ ਵੱਧ ਕਰ ਦਿੰਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਗਵਾ ਪਾਰਟੀ ਦਾ ਮਨਸੂਬਾ ਆਪਣੇ ਗੜ੍ਹ ਵਾਲੇ ਖੇਤਰ ਜਾਂ ਜਿੱਥੋਂ ਉਹ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਹਾਸਲ ਕਰ ਸਕਦੀ ਹੈ, ਉਥੇ ਸੀਟਾਂ ਨੂੰ ਦੋ ਜਾਂ ਤਿੰਨ ਹਿੱਸਿਆਂ ਵਿੱਚ ਵੰਡਣਾ ਹੈ।

ਇੱਕਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਵੱਲੋਂ ਨੁਮਾਇੰਦਗੀ ਕੀਤੀ ਜਾਣ ਵਾਲੀ ਲੋਕ ਸਭਾ ਸੀਟ ਸੰਗਰੂਰ ਸੀ, ਜਿਸ ਵਿੱਚ ਤਿੰਨ ਜ਼ਿਲ੍ਹੇ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮੰਨ ਲਓ ਕਿ ਜੇ ਇਹ ਸੀਟ ਭਾਜਪਾ ਦੇ ਅਧਿਕਾਰ ਖੇਤਰ ਅਧੀਨ ਹੁੰਦੀ ਤਾਂ ਉਨ੍ਹਾਂ ਦੇ ਮੌਜੂਦਾ ਡਿਜ਼ਾਈਨ ਅਨੁਸਾਰ ਉਹ ਇਸ ਸੀਟ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੰਦੇ ਅਤੇ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਨੂੰ ਵੱਖ-ਵੱਖ ਲੋਕ ਸਭਾ ਸੀਟਾਂ ਵਜੋਂ ਵੰਡਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਭਾਜਪਾ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਲੋਕ ਸਭਾ ਸੀਟਾਂ ਨੂੰ 543 ਤੋਂ ਵਧਾ ਕੇ 850 ਜਾਂ ਇਸ ਤੋਂ ਵੱਧ ਕਰਨਾ ਚਾਹੁੰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਉਨ੍ਹਾਂ ਇਲਾਕਿਆਂ ਨੂੰ ਖਤਮ ਕਰਨਾ ਚਾਹੁੰਦੀ ਹੈ , ਜਿੱਥੇ ਉਹ ਕਮਜ਼ੋਰ ਹਨ ਅਤੇ ਉਨ੍ਹਾਂ ਸੀਟਾਂ ਨੂੰ ਵਧਾਉਣਾ ਚਾਹੁੰਦੀ ਹੈ, ਜਿੱਥੇ ਉਹ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਇਹ ਅਸਹਿਣਯੋਗ ਅਤੇ ਗੈਰ-ਵਾਜਬ ਹੈ ਅਤੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੱਤਾ ਦੀ ਅੰਨੀ ਲਾਲਸਾ ਵਾਲੀ ਭਾਜਪਾ, ਦੇਸ਼ ਵਿੱਚ ਜਮਹੂਰੀ ਢਾਂਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਨੂੰ ਕਦੇ ਵੀ ਤੇ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
 


ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਇਸ ਹੱਦਬੰਦੀ ਰਾਹੀਂ ਪੰਜਾਬ ਨੂੰ ਜਲੀਲ ਕਰਨਾ ਚਾਹੁੰਦੀ ਹੈ, ਜਿਸ ਨੇ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਵਿੱਚ 13 ਲੋਕ ਸਭਾ ਸੀਟਾਂ ਹਨ, ਜਿਸ ਰਾਹੀਂ ਜਮਹੂਰੀ ਢਾਂਚੇ ਵਿੱਚ ਪੰਜਾਬ ਦਾ ਹਿੱਸਾ 2.39 ਫ਼ੀਸਦ ਬਣਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਸੂਬੇ ਵਿੱਚ ਲੋਕ ਸਭਾ ਸੀਟਾਂ ਨੂੰ 18 ਤੱਕ ਵਧਾਉਣਾ ਚਾਹੁੰਦੀ ਹੈ, ਪਰ ਇਸ ਸੂਬੇ ਦਾ ਹਿੱਸਾ ਘਟ ਕੇ 2.11 ਫ਼ੀਸਦ ਰਹਿ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਵੀਕਾਰਯੋਗ ਨਹੀਂ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਲਈ 90 ਫੀਸਦ ਕੁਰਬਾਨੀਆਂ ਦੇਣ ਵਾਲੇ ਸੂਬੇ ਦਾ ਹਿੱਸਾ ਘੱਟ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਦੀ ਬਜਾਇ ਸੀਟਾਂ ਦੀ ਗਿਣਤੀ 21 ਕਰ ਕੇ ਜਾਂ ਤਾਂ ਹਿੱਸਾ ਵਧਾਇਆ ਜਾਣਾ ਚਾਹੀਦਾ ਹੈ ਜਾਂ ਉਹੀ ਰੱਖਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਇਸ ਗੈਰ-ਵਾਜਬ ਹੱਦਬੰਦੀ ਦੇ ਇਸ ਸਖ਼ਤ ਕਦਮ ਦਾ ਵਿਰੋਧ ਕਰਨ ਲਈ ਸਾਰੀਆਂ ਇਕ ਸੋਚ ਵਾਲੀਆਂ ਪਾਰਟੀਆਂ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੇ ਕਿਸੇ ਵੀ ਸ਼ਹਿਰ ਵਿੱਚ ਇਸ ਗੰਭੀਰ ਮਸਲੇ ’ਤੇ ਅਗਲੀ ਕਾਨਫਰੰਸ ਕਰਨ ਦਾ ਸੱਦਾ ਦਿੱਤਾ।
 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਗੜ੍ਹਸ਼ੰਕਰ ਹਲਕੇ ਦੇ ਸਾਰੇ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ‘ਸੀਚੇਵਾਲ ਮਾਡਲ’: ਰੋੜੀ

ਮਾਲਵਿੰਦਰ ਸਿੰਘ ਜੱਗੀ ਨੂੰ ਸੇਵਾਮੁਕਤੀ ਦੀ ਪੂਰਵ ਸੰਧਿਆ ਮੌਕੇ ਲੋਕ ਸੰਪਰਕ ਵਿਭਾਗ ਵੱਲੋਂ ਨਿੱਘੀ ਵਿਦਾਇਗੀ

ਬਾਬਾ ਸੀਚੇਵਾਲ ਛੱਪੜਾਂ ਦੇ ਗੰਦੇ ਪਾਣੀ ਦੀ ਸਫ਼ਾਈ ਕਰਨ ਦੇ ਮਾਹਿਰ ਪਰ ਇਨ੍ਹਾਂ ਲੀਡਰਾਂ ਦੀ ਗੰਦੀ ਸੋਚ ਨੂੰ ਸਾਫ਼ ਨਹੀਂ ਕਰ ਸਕਦੇ : CM

"ਬਦਲਦਾ ਪੰਜਾਬ" ਬਜਟ ਪੰਜਾਬ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ: ਹਰਪਾਲ ਸਿੰਘ ਚੀਮਾ

ਪੰਜਾਬ ਸਰਕਾਰ ਵੱਲੋਂ ਵਾਧੂ ਸੂਰਜੀ ਊਰਜਾ ਪੈਦਾ ਕਰਨ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ ਲਾਭ: ਅਮਨ ਅਰੋੜਾ

ਫੈਸਲਾ ਲੈਣ ਦੀ ਤਾਕਤ ਹਾਸਲ ਕਰਨ ਲਈ ਲੜਕੀਆਂ ਦਾ ਸਿਆਸਤ ਵਿੱਚ ਆਉਣਾ ਲਾਜ਼ਮੀ: ਮੁੱਖ ਮੰਤਰੀ

ਕੇਂਦਰੀ ਬਜਟ ਵਿਚ ਪੰਜਾਬ ਨਾਲ ਵਿਤਕਰਾ ਕੀਤਾ ਗਿਆ: ਹਰਸਿਮਰਤ ਕੌਰ ਬਾਦਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਰਾਜਪਾਲ ਦਾ ਉਨ੍ਹਾਂ ਦੇ ਸ਼ਾਨਦਾਰ ਭਾਸ਼ਣ ਲਈ ਕੀਤਾ ਧੰਨਵਾਦ

ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਬਣਾਉਣ ਤੇ AAP ਯੂਥ ਵਿੰਗ ਨੇ ਕੀਤਾ ਨਿੱਘਾ ਸੁਆਗਤ

ਭਗਵੰਤ ਮਾਨ ਦੇਸ਼ ਦੇ ਅੰਨਦਾਤਾ ਦੀ ਆਵਾਜ਼ ਕੁਚਲਣ ਲਈ ਪੱਬਾਂ ਭਾਰ: ਬਿਕਰਮ ਸਿੰਘ ਮਜੀਠੀਆ

 
 
 
 
Subscribe