Friday, November 22, 2024
 

ਸਿਆਸੀ

ਭਾਜਪਾ ਨੂੰ ਲੱਗਿਆ ਝਟਕਾ, ਚੋਣਾਂ ਤੋਂ ਦੋ ਦਿਨ ਪਹਿਲਾਂ ਮੋਹਾਲੀ ’ਚ ਭਾਜਪਾ ਦੇ ਚਾਰ ਉਮੀਦਵਾਰ ਆਪ’ ’ਚ ਸ਼ਾਮਲ

February 12, 2021 06:27 PM

ਨਰਿੰਦਰ ਮੋਦੀ ਦੇ ਤਾਨਸ਼ਾਹ ਰਵੱਈਏ ਕਾਰਨ ਜਨਤਾ ਦਾ ਭਾਜਪਾ ਤੋਂ ਹੋ ਰਿਹਾ ਮੋਹ ਭੰਗ : ਹਰਪਾਲ ਸਿੰਘ ਚੀਮਾ

2022 ਚੋਣਾਂ ’ਚ ਭਾਜਪਾ ਦਾ ਪੰਜਾਬ ਤੋਂ ਹੋ ਜਾਵੇਗਾ ਸਫਾਇਆ : ਹਰਪਾਲ ਚੀਮਾ

ਚੰਡੀਗੜ੍ਹ : 14 ਫਰਵਰੀ ਨੂੰ ਪੰਜਾਬ ਵਿੱਚ ਹੋਣ ਵਾਲੇ ਸਥਾਨਕ ਚੋਣਾਂ ਤੋਂ ਦੋ ਦਿਨ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਿਆ। ਮੋਹਾਲੀ ਜ਼ਿਲੇ ਦੇ ਭਾਜਪਾ ਦੇ ਚਾਰ ਐਮਸੀ ਉਮੀਦਵਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਾਨਾਸ਼ਾਹ ਰਵੱਈਆ ਅਪਣਾਉਣ ਦਾ ਦੋਸ਼ ਲਗਾਕੇ ਭਾਜਪਾ ਛੱਡ ਦਿੱਤੀ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ‘ਆਪ’ ’ਚ ਸ਼ਾਮਲ ਹੋਣ ਵਾਲੇ ਭਾਜਪਾ ਉਮੀਦਵਾਰਾਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਪਾਰਟੀ ਦੇ ਸਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਦਾ ਗਰੀਬ, ਕਿਸਾਨ ਅਤੇ ਹਰ ਵਿਅਕਤੀ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਤੋਂ ਪ੍ਰੇਸ਼ਾਨ ਹੈ। ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਕਿਸਾਨਾਂ ਉੱਤੇ ਧੱਕੇ ਨਾਲ ਕਾਲੇ ਕਾਨੂੰਨ ਥੋਪੇ ਜਾ ਰਹੇ ਹਨ। ਜਦੋਂ ਕਿਸਾਨ ਇਨਾਂ ਕਾਲੇ ਕਾਨੂੰਨਾਂ ਖਿਲਾਫ ਸੜਕ ਉਤੇ ਉਤਰੇ ਅਤੇ ਮੋਦੀ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਮੋਦੀ ਨੇ ਪਹਿਲਾਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਨਾਂ ਨੂੰ ਖਾਲਿਸਤਾਨੀ, ਪਾਕਿਸਤਾਨੀ, ਅੱਤਵਾਦੀ ਅਤੇ ਗਦਾਰ ਕਿਹਾ। ਕਿਸਾਨਾਂ ਨੇ ਜਦੋਂ ਹਾਰ ਨਹੀਂ ਮੰਨੀ ਤਾਂ ਉਨਾਂ ਉਤੇ ਭਾਜਪਾ ਦੇ ਗੁੰਡਿਆਂ ਤੋਂ ਹਮਲਾ ਕਰਵਾਇਆ ਗਿਆ।
ਪਾਰਟੀ ਹੈੱਡਕੁਆਟਰ ਉਤੇ ਮੀਡੀਆ ਦੀ ਹਾਜ਼ਰੀ ’ਚ ਹਰਪਾਲ ਸਿੰਘ ਚੀਮਾ ਨੇ ਮੋਹਾਲੀ ਦੇ ਵਾਰਡ ਨੰਬਰ 9 ਤੋਂ ਭਾਜਪਾ ਉਮੀਦਵਾਰ ਰਜਿੰਦਰ ਕੌਰ, ਵਾਰਡ ਨੰਬਰ 21 ਤੋਂ ਉਮੀਦਵਾਰ ਕਿ੍ਰਸ਼ਨ ਰਾਣੀ, ਵਾਰਡ ਨੰਬਰ 23 ਤੋਂ ਭਾਜਪਾ ਉਮੀਦਵਾਰ ਪਰਮਜੀਤ ਕੌਰ ਅਤੇ ਵਾਰਡ ਨੰਬਰ 29 ਤੋਂ ਭਾਜਪਾ ਉਮੀਦਵਾਰ ਬਿਮਲਾ ਰਾਣੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਨਾਂ ਆਗੂਆਂ ਦੇ ਭਾਜਪਾ ਛੱਡਣ ਉਤੇ ਉਨਾਂ ਕਿਹਾ ਕਿ ਅੱਜ ਅੱਜ ਪੰਜਾਬ ਦਾ ਹਰ ਵਿਅਕਤੀ ਨਰਿੰਦਰ ਮੋਦੀ ਨੂੰ ਨਫਰਤ ਕਰ ਰਿਹਾ ਹੈ, ਪ੍ਰੰਤੂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਨਹੀਂ ਚੁੱਕਿਆ। ਅੰਦੋਲਨ ਦੇ ਚਲਦਿਆਂ 200 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਪ੍ਰੰਤੂ ਅਸ਼ਵਨੀ ਸ਼ਰਮਾ ਨੇ ਹਮਦਰਦੀ ਨਹੀਂ ਪ੍ਰਗਟਾਈ। ਇਸ ਰਵੱਈਆ ਕਾਰਨ ਭਾਜਪਾ ਦੇ ਆਗੂ ਲਗਾਤਾਰ ਪਾਰਟੀ ਛੱਡ ਰਹੇ ਹਨ। ਉਨਾਂ ਕਿਹਾ ਕਿ ਸਿਰਫ ਅਸ਼ਵਨੀ ਸ਼ਰਮਾ ਹੀ ਨਹੀਂ, ਪੰਜਾਬ ਭਾਜਪਾ ਦੇ ਕਿਸੇ ਵੀ ਆਗੂ ਨੇ ਕਿਸਾਨਾਂ ਦੇ ਸਮਰਥਨ ਵਿੱਚ ਇਕ ਸ਼ਬਦ ਨਹੀਂ ਕਿਹਾ। ਗੁਰਦਾਸਪੁਰ ਦੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੂੰ ਜਨਤਾ ਨੇ ਵੋਟ ਦੇ ਕੇ ਲੋਕ ਸਭਾ ਮੈਂਬਰ ਬਣਾਇਆ। ਪੰਜਾਬ ਦੇ ਲੋਕਾਂ ਨੇ ਦਿਓਲ ਪਰਿਵਾਰ ਨੂੰ ਬਹੁਤ ਮਾਨ ਸਨਮਾਨ ਅਤੇ ਪਿਆਰ ਦਿੱਤਾ, ਪ੍ਰੰਤੂ ਉਨਾਂ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ। ਮੋਦੀ ਸਰਕਾਰ ਦੇ ਤਾਨਾਸ਼ਾਹ ਰਵੱਈਆ ਨੂੰ ਹੁਣ ਲੋਕ ਸਮਝ ਗਏ ਹਨ। ਅੱਜ ਪੰਜਾਬ ਵਿੱਚ ਭਾਜਪਾ ਦੀ ਅਜਿਹੀ ਹਾਲਤ ਹੋ ਗਈ ਕਿ ਸਥਾਨਕ ਚੋਣਾਂ ਵਿੱਚ ਭਾਜਪਾ ਆਗੂ ਲੋਕਾਂ ਦੇ ਵਿਰੋਧ ਦੇ ਡਰ ਕਾਰਨ ਵੋਟ ਮੰਗਣ ਨਹੀਂ ਨਿਕਲ ਰਹੇ। ਮੋਦੀ ਸਰਕਾਰ ਦੇ ਰਵੱਈਏ ਉਤੇ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਮੈਂ ਅੱਜ ਦਾਅਵੇ ਨਾਲ ਕਹਿ ਰਿਹਾ ਹਾਂ ਕਿ 2022 ਦੀਆਂ ਚੋਣਾਂ ਵਿੱਚ ਭਾਜਪਾ ਦਾ ਪੰਜਾਬ ਤੋਂ ਪੂਰੀ ਤਰਾਂ ਸਫਾਇਆ ਹੋ ਜਾਵੇਗਾ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਸੂਬੇ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਬਣਾ ਸਕਦੀ ਹੈ। ਸਥਾਨਕ ਚੋਣਾਂ ਵਿਚ ਲੋਕ ਜਿਸ ਉਤਸ਼ਾਹ ਨਾਲ ‘ਆਪ’ ਉਮੀਦਵਾਰਾਂ ਦਾ ਸਮਰਥਨ ਕਰ ਰਹੇ ਹਨ ਅਤੇ ਉਸ ਤੋਂ ਸਾਫ ਪ੍ਰਤੀਤ ਹੁੰਦਾ ਹੈ ਕਿ 2022 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰਨ ਤੌਰ ਉੱਤੇ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਚਾਰੇ ਉਮੀਦਵਾਰਾਂ ਨੇ ਕਿਹਾ ਕਿ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਿਸਾਨ ਵਿਰੋਧੀ ਅਤੇ ਤਾਨਾਸ਼ਾਹ ਰਵੱਈਆ ਕਾਰਨ ਅੱਜ ਭਾਜਪਾ ਛੱਡਣ ਦਾ ਫੈਸਲਾ ਕੀਤਾ। ‘ਆਪ’ ਵਿੱਚ ਸ਼ਾਮਲ ਹੋਣ ਉੱਤੇ ਉਨਾਂ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਨੀਤੀਆਂ ਅਤੇ ਲੋਕ ਕਲਿਆਣਕਾਰੀ ਕੰਮ ਤੋਂ ਪ੍ਰਭਾਵਿਤ ਹੋਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ‘ਆਪ’ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਪਾਰਟੀ ਦੇ ਸੀਨੀਅਰ ਆਗੂ ਰਾਜ ਲਾਲੀ ਗਿੱਲ ਅਤੇ ਗੋਵਿੰਦਰ ਮਿੱਤਲ ਹਾਜ਼ਰ ਸਨ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe