ਅਹਿਮਦਾਬਾਦ, (ਏਜੰਸੀ) : ਪਾਕਿਸਤਾਨ ਸਮੁੰਦਰੀ ਸੁਰੱਖਿਆ ਏਸੰਜੀ ਨੇ ਅਰਬ ਸਾਗਰ ਵਿਚ ਕੌਮਾਂਤਰੀ ਸਮੁੰਦਰੀ ਸਰਹੱਦ ਦੇ ਨੇੜੇ ਤੋਂ ਅੱਜ ਸੋਮਵਾਰ ਨੂੰ ਗੁਜਰਾਤ ਦੇ ਲਗਭਗ 30 ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਦਸਿਆ ਕਿ ਪਾਕਿਸਤਾਨ ਨੇ ਮੱਛੀਆਂ ਫੜਨ ਵਾਲੀਆਂ ਛੇ ਕਿਸ਼ਤੀਆਂ ਨੂੰ ਵੀ ਜਬਤ ਕੀਤਾ ਹੈ। ਜਾਣਕਾਰੀ ਮੁਤਾਬਕ ਛੇ ਕਿਸ਼ਤੀਆਂ 'ਤੇ ਲਗਭਗ 30 ਮਛੇਰੇ ਸਵਾਰ ਸਨ ਜਿਨ੍ਹਾਂ ਨੂੰ ਅੱਜ ਸਵੇਰੇ ਪਾਕਿਸਤਾਨ ਨੇ ਉਸ ਦੇ ਸਮੁੰਦਰੀ ਖੇਤਰ ਵਿਚ ਮੱਛੀਆਂ ਫੜਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਲੋਂ ਸਮੇਂ-ਸਮੇਂ 'ਤੇ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਭਾਰਤੀ ਮਛੇਰਿਆਂ ਦੀ ਇਹ ਗ੍ਰਿਫ਼ਤਾਰੀ ਉਸ ਸਮੇਂ ਹੋਈ ਹੈ ਜਦ ਪਿਛਲੇ ਮਹੀਨੇ ਹੀ ਪਾਕਿਸਤਾਨ ਨੇ 100 ਭਾਰਤੀ ਮਛੇਰਿਆਂ ਨੂੰ ਛਡਿਆ ਸੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਮਛੇਰੇ ਗੁਜਰਾਤ ਦੇ ਸਨ।