ਪਰਥ, (ਏਜੰਸੀ) : ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਵਲੋਂ ਐਡੀਲੇਡ ਯੂਨੀਵਰਸਟੀ ਆਫ਼ ਦਖਣੀ ਆਸਟ੍ਰੇਲੀਆ ਦੇ ਸਕਾਟ ਥਿਏਟਰ ਵਿਚ ਲਗਾਈ ਸੰਗੀਤਕ ਮਹਿਫ਼ਲ ਯਾਦਗਾਰੀ ਹੋ ਨਿਬੜੀ। ਇਸ ਦੌਰਾਨ ਗਾਇਕ ਸਰਤਾਜ ਨੇ ਅਪਣੇ ਚਰਚਿਤ ਗੀਤਾਂ ਅਤੇ ਸੁਰੀਲੀ ਗਾਇਕੀ ਰਾਹੀਂ ਪੰਜਾਬ ਦੇ ਅਮੀਰ ਵਿਰਸੇ, ਬੋਲੀ ਤੇ ਸਭਿਆਚਾਰ ਨੂੰ ਬਿਆਨ ਕੀਤਾ । ਸਰਤਾਜ ਦੀ ਅਰਥ ਭਰਪੂਰ ਗਾਇਕੀ ਨੇ ਜਿਥੇ ਦਰਸਕਾਂ ਦਾ ਦਿਲ ਟੂੰਭਿਆ, ਉਥੇ ਸ਼ੋਅ ਦੇ ਸਮਾਪਤ ਹੋਣ ਤਕ ਲੋਕਾਂ ਨੇ ਸਰਤਾਜ਼ ਨੂੰ ਸੁਣਿਆ। ਰੋਬੀ ਬੈਨੀਪਾਲ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਸਰਤਾਜ ਨੇ ਐਡੀਲੇਡ ਨੂੰ ਅਪਣਾ ਪਸੰਦੀਦਾ ਸ਼ਹਿਰ ਦਸਦੇ ਹੋਏ ਪੰਜਾਬੀਆਂ ਵਲੋਂ ਮਿਲੇ ਪਿਆਰ ਦੀ ਸ਼ਲਾਘਾ ਕੀਤੀ । ਅਖੀਰ ਵਿਚ ਸ਼ੋਅ ਦੇ ਪ੍ਰਬੰਧਕ ਰੋਬੀ ਬੈਨੀਪਾਲ, ਹਰਜੀਤ ਘੁਮਾਣ, ਬੱਬੀ ਸਿੰਘ, ਸੰਨੀ ਸਿੰਘ ਆਦਿ ਵਲੋਂ ਗਾਇਕ ਸਰਤਾਜ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ।