ਨਵੀਂ ਦਿੱਲੀ: ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿਚ ਸ਼ੁਮਾਰ ਸਚਿਨ ਤੇਂਦੁਲਕਰ ਨੇ ਬੀਤੇ ਦਿਨੀਂ ਪੌਪ ਸਟਾਰ ਰਿਹਾਨਾ ਸਮੇਤ ਉਨ੍ਹਾਂ ਸਾਰੀਆਂ ਹਸਤੀਆਂ ਨੂੰ ਦੋ ਟੁੱਕ ਜਵਾਬ ਦਿੱਤਾ ਸੀ, ਜੋ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀਆਂ ਹਨ। ਸਚਿਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਭਾਰਤੀ ਪ੍ਰਭੂਸੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਵੇਗਾ ਅਤੇ ਵਿਦੇਸ਼ੀ ਤਾਕਤਾਂ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਥੇ ਹੀ ਕੇਰਲ ਦੇ ਕੋਚਿ ਵਿਚ ਇੰਡੀਅਨ ਯੂਥ ਕਾਂਗਰਸ ਦੇ ਕਾਰਜਕਰਤਾਵਾਂ ਨੇ ਵਿਦੇਸ਼ੀ ਹਸਤੀਆਂ ਦੇ ਵਿਰੁੱਧ ਟਵੀਟ ਕਰਣ ’ਤੇ ਸਚਿਨ ਤੇਂਦੁਲਕਰ ਦੇ ਕੱਟ-ਆਊਟ ’ਤੇ ਕਾਲਿਖ਼ ਲਗਾ ਦਿੱਤੀ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਸਚਿਨ ਤੇਂਦੁਲਕਰ ਨੇ ਟਵੀਟ ਕਰਦੇ ਹੋਏ ਲਿਖਿਆ ਸੀ, ‘ਭਾਰਤ ਦੀ ਪ੍ਰਭੂਸੱਤਾ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ। ਵਿਦੇਸ਼ ਤਾਕਤਾਂ ਭਾਰਤ ਵਿਚ ਹੋਣ ਵਾਲੀਆਂ ਘਟਨਾਵਾਂ ਨੂੰ ਸਿਰਫ਼ ਦੇਖ ਸਕਦੀਆਂ ਹਨ ਪਰ ਉਨ੍ਹਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ। ਭਾਰਤੀ ਭਾਰਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਮੁੱਦੇ ਹੱਲ ਕਰਨੇ ਚਾਹੀਦੇ, ਆਓ ਇਕ ਰਾਸ਼ਟਰ ਦੇ ਤੌਰ ’ਤੇ ਇਕਜੁੱਟ ਰਹੀਏ।’