ਪਠਾਨਕੋਟ : ਜਦੋਂ ਦੀ ਗੁਰਦਾਸਪੁਰ 'ਚ ਸੰਨੀ ਦਿਓਲ ਦੀ ਐਂਟਰੀ ਹੋਈ ਹੈ, ਉਦੋਂ ਤੋਂ ਪੰਜਾਬ ਦਾ ਸਿਆਸੀ ਪਾਰਾ ਹੋਰ ਵੀ ਗਰਮਾ ਗਿਆ ਹੈ। ਸਿਆਸਤ 'ਚ ਆਉਣ ਤੋਂ ਬਾਅਦ ਸੰਨੀ ਦਿਓਲ ਵੀ ਕਿਸੇ ਨਾ ਕਿਸੇ ਵਿਵਾਦ 'ਚ ਵੀ ਘਿਰਦੇ ਨਜ਼ਰ ਆ ਰਹੀ ਹੈ। ਹੁਣ ਸੰਨੀ ਦਿਓਲ ਦੀ ਸੁਰੱਖਿਆ ਨੂੰ ਲੈ ਕੇ ਭਾਜਪਾ ਤੇ ਪੰਜਾਬ ਪੁਲਸ ਵਿਚਾਲੇ ਖੜਕ ਪਈ ਹੈ। ਖ਼ਬਰਾਂ ਮੁਤਾਬਿਕ ਸੰਨੀ ਦੇ ਪਹਿਲੇ ਰੋਡ ਸ਼ੋਅ ਤੋਂ ਬਾਅਦ ਪੰਜਾਬ ਪੁਲਸ ਦੇ ਜਵਾਨ ਨੇ ਸ਼ਿਕਾਇਤ ਕੀਤੀ ਸੀ ਕਿ ਸੰਨੀ ਦਿਓਲ ਰੋਡ ਸ਼ੋਅ ਦੌਰਾਨ ਪੁਲਸ ਨੂੰ ਪਿੱਛੇ ਛੱਡ ਅੱਗੇ ਨਿਕਲ ਜਾਂਦੇ ਹਨ, ਹਾਲਾਂਕਿ ਸੰਨੀ ਦਿਓਲ ਨੇ ਅਜਿਹੀ ਕਿਸੇ ਗੱਲ ਤੋਂ ਜਿਥੇ ਇਨਕਾਰ ਕੀਤਾ, ਉਥੇ ਹੀ ਭਾਜਪਾ ਨੇ ਪ੍ਰਸ਼ਾਸਨ 'ਤੇ ਝੂਠ ਬੋਲਣ ਦੇ ਦੋਸ਼ ਵੀ ਲਗਾਏ ਹਨ। ਭਾਜਪਾ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਵਲੋਂ ਸੰਨੀ ਦਿਓਲ ਦੀ ਸੁਰੱਖਿਆ 'ਚ ਚੂਕ ਕੀਤੀ ਜਾ ਰਹੀ ਹੈ।
ਉਧਰ ਪੁਲਸ ਦਾ ਕਹਿਣਾ ਹੈ ਕਿ ਰੋਡ ਸ਼ੋਅ ਦੌਰਾਨ ਉਨ੍ਹਾਂ ਵਲੋਂ ਪੂਰੀ ਮੁਸਤੈਦੀ ਦਿਖਾਈ ਗਈ ਹੈ। ਸੰਨੀ ਦੀ ਐਂਟਰੀ ਨੇ ਗੁਰਦਾਸਪੁਰ ਨੂੰ ਜਿਥੇ ਹਾਟ ਸੀਟ ਬਣਾ ਦਿੱਤਾ ਹੈ, ਉਥੇ ਹੀ ਸੈਲੇਬ੍ਰਿਟੀ ਹੋਣ ਕਾਰਨ ਪ੍ਰਸ਼ਾਸਨ ਦੀ ਸਿਰਦਰਦੀ ਵੀ ਵੱਧ ਗਈ ਹੈ ਪਰ ਇਹ ਵੇਖਣਾ ਦਿਲਚਸਪ ਰਹੇਗਾ ਕਿ ਭਾਜਪਾ 'ਤੇ ਪ੍ਰਸ਼ਾਸਨ 'ਚ ਸ਼ੁਰੂ ਹੋਈ ਜ਼ੁਬਾਨੀ ਜੰਗ ਕਦੋਂ ਖ਼ਤਮ ਹੁੰਦੀ ਹੈ।