ਹੁਸ਼ਿਆਰਪੁਰ : ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਕਿਹਾ ਕਿ ਹਾੜ੍ਹੀ 2020-21 ਦੌਰਾਨ ਕਣਕ ਦੀ ਫ਼ਸਲ ਦੇ ਪੀਲੀ ਕੂੰਗੀ ਦਾ ਹਮਲਾ ਨੀਮ ਪਹਾੜੀ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਧੁੰਦ ਅਤੇ ਬਦਲਵਾਈ ਇਸ ਕੂੰਗੀ ਦੇ ਹਮਲੇ ਨੂੰ ਵਧਾਉਣ ਲਈ ਅਨੁਕੂਲ ਹੁੰਦੇ ਹਨ। ਇਸ ਹਮਲੇ ਨਾਲ ਪੱਤਿਆਂ ਦੇ ਪੀਲੇ ਰੰਗ ਦੇ ਧੰਬੇ, ਲੰਬੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਕਣਕ ਦਾ ਪੀਲਾਪਣ ਖੁਰਾਕੀ ਤੱਤਾਂ ਦੀ ਘਾਟ ਕਾਰਨ ਵੀ ਹੋ ਸਕਦਾ ਹੈ, ਪਰ ਜੇਕਰ ਪੀਲੀ ਕੂੰਗੀ ਤੋਂ ਪ੍ਰਭਾਵਿਤ ਕਣਕ ਦੇ ਬੂਟੇ ਨੂੰ ਹੱਥ ਲਗਾਉਣ ’ਤੇ ਹੱਥਾਂ ਨੂੰ ਪੀਲਾ ਪਾਊਡਰ ਲੱਗਦਾ ਹੈ ਜਾਂ ਇਨ੍ਹਾਂ ਧੌੜੀਆਂ ਵਿਚੋਂ ਲੰਘਣ ’ਤੇ ਇਸ ਦਾ ਪੀਲਾ ਧੂੜਾ ਸਾਡੇ ਕੱਪੜਿਆਂ ਨੂੰ ਲੱਗਦਾ ਹੈ ਤਾਂ ਖੇਤ ਵਿੱਚ ਪੀਲੀ ਕੂੰਗੀ ਦੇ ਹਮਲੇ ਤੋਂ ਬਚਣ ਲਈ 200 ਗ੍ਰਾਮ ਕੈਵੀਅਟ 25 ਡਬਲਯੂ ਜੀ ਜਾਂ 120 ਗ੍ਰਾਮ ਨਟੀਵੋ 75 ਡਬਲਯੂ ਜੀ ਜਾਂ 200 ਮਿਲੀਲੀਟਰ ਉਪੇਰਾ 18.3 ਐਸ.ਈ ਜਾਂ 200 ਮਿਲੀਲੀਟਰ ਪ੍ਰੋਪੀਕੋਨਾਜੋਲ 25 ਈ.ਸੀ. ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ।