ਵਾਸ਼ਿੰਗਟਨ, (ਏਜੰਸੀ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੇਸਬੁਕ ਵਲੋਂ ਕਈ ਵੱਖਵਾਦੀ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਪਾਬੰਦੀਸ਼ੁਦਾ ਕੀਤੇ ਜਾਣ ਦੇ ਬਾਅਦ ਸੋਸ਼ਲ ਮੀਡੀਆ ਕੰਪਨੀਆਂ ਦੀ ਆਲੋਚਨਾ ਕੀਤੀ। ਟਰੰਪ ਨੇ ਕਿਹਾ, ''ਉਹ ਕਰੀਬ ਨਾਲ ਇਸ 'ਤੇ ਨਜ਼ਰ ਬਣਾਏ ਹੋਏ ਹਨ।'' ਟਰੰਪ ਨੇ ਸ਼ੁਕਰਵਾਰ ਅਤੇ ਸਨਿਚਰਵਾਰ ਨੂੰ ਸ਼ਿਕਾਇਤਾਂ ਨੂੰ ਟਵੀਟ ਅਤੇ ਰੀਟਵੀਟ ਕਰ ਕੇ ਕਿਹਾ, ''ਉਹ ਸੋਸ਼ਲ ਮੀਡੀਆ ਮੰਚਾਂ 'ਤੇ ਅਮਰੀਕੀ ਨਾਗਰਿਕਾਂ ਦੀ ਸੈਂਸਰਸ਼ਿਪ 'ਤੇ ਨਜ਼ਰ ਰੱਖਣਗੇ।''
ਇਸ ਤੋਂ ਪਹਿਲਾਂ ਟਰੰਪ ਕਹਿੰਦੇ ਰਹੇ ਹਨ ਕਿ ਸੋਸ਼ਲ ਮੀਡੀਆ ਕੰਪਨੀਆਂ ਰੂੜ੍ਹੀਵਾਦੀਆਂ ਦੇ ਪ੍ਰਤੀ ਪੱਖਪਾਤੀ ਰਵੱਈਆ ਰੱਖਦੀਆਂ ਹਨ। ਹਾਲਾਂਕਿ ਕੰਪਨੀਆਂ ਨੇ ਹਮੇਸ਼ਾ ਇਸ ਨੂੰ ਗਲਤ ਦੱਸ ਕੇ ਖਾਰਿਜ ਕੀਤਾ ਹੈ। ਰਾਸ਼ਟਰਪਤੀ ਟਰੰਪ ਦੀ ਇਹ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਫੇਸਬੁਕ ਨੇ ਇਸੇ ਹਫ਼ਤੇ ਲੁਈ ਫਰਾਖਾਨ, ਐਲੇਕਸ ਜੋਨਸ ਅਤੇ ਹੋਰ ਵੱਖਵਾਦੀਆਂ 'ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਸੀ ਕਿ ਇਨ੍ਹਾਂ ਨੇ ਖਤਰਨਾਕ ਵਿਅਕਤੀਆਂ 'ਤੇ ਲਗਾਈ ਗਈ ਉਸ ਦੀ ਰੋਕ ਦੀ ਉਲੰਘਣਾ ਕੀਤੀ ਹੈ।
ਕੰਪਨੀ ਨੇ ਖੱਬੇ ਪੱਖੀ ਹਸਤੀਆਂ ਪਾਲ ਨੇਹਲਨ, ਮਿਲੋ ਯਾਨੋਪੋਲੋਸ, ਪਾਲ ਜੋਸੇਫ ਵਾਟਸਨ ਅਤੇ ਲਾਰਾ ਲੂਮ ਦੇ ਨਾਲ ਹੀ ਜੋਨਸ ਦੀ ਸਾਈਟ ਇਨਫੋਵਾਰਸ ਨੂੰ ਵੀ ਹਟਾ ਦਿਤਾ। ਇਸ ਸਾਈਟ ਦੇ ਜ਼ਰੀਏ ਅਕਸਰ ਸਾਜਿਸ਼ ਦੇ ਸਿਧਾਂਤ ਪੋਸਟ ਕੀਤੇ ਜਾਂਦੇ ਸਨ। ਹਾਲ ਹੀ ਵਿਚ ਲਗਾਈ ਪਾਬੰਦੀ ਫੇਸਬੁਕ ਦੀ ਮੁੱਖ ਸੇਵਾ ਅਤੇ ਇੰਸਟਾਗ੍ਰਾਮ 'ਤੇ ਵੀ ਲਾਗੂ ਹੁੰਦੀ ਹੈ ਅਤੇ ਫੈਨ ਪੇਜ ਅਤੇ ਹੋਰ ਸਬੰਧਤ ਅਕਾਊਂਟ ਵੀ ਇਸ ਦੇ ਦਾਇਰੇ ਵਿਚ ਆਉਣਗੇ।