ਬਠਿੰਡਾ : ਹਲਕਾ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਮੁੰਡੇ ਦੀ ਲੋਹੜੀ ਮੌਕੇ ਮਨਾਏ ਜਾ ਰਹੇ ਜਸ਼ਨ ਦੀਆਂ ਖੁਸ਼ੀਆਂ ਉਸ ਸਮੇਂ ਗਮਾਂ ‘ਚ ਬਦਲ ਗਈਆਂ ਜਦ ਗੋਲੀ ਚੱਲਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਭਾਵੇਂ ਪੁਲਿਸ ਕਾਰਵਾਈ ਕਰਵਾਉਣ ਤੋਂ ਮਨਾ ਕਰ ਦਿੱਤਾ ਪਰ ਪੁਲਿਸ ਨੇ ਜਸ਼ਨ ਮੌਕੇ ਫਾਇਰ ਕਰਨ ਨੂੰ ਲੈਕੇ ਮਾਮਲਾ ਦਰਜ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਹਰਜੀਤ ਸਿੰਘ (23 ਸਾਲ) ਆਪਣੇ ਚਾਚੇ ਗੁਰਸੇਵਕ ਸਿੰਘ ਵਾਸੀ ਪੱਕਾ ਸ਼ਹੀਦਾਂ ਪਿੰਡ ਰਾਈਆ ਵਿਖੇ ਮੁੰਡੇ ਦੀ ਪਹਿਲੀ ਲੋਹੜੀ ਦੇ ਸਮਾਗਮ ਵਿੱਚ ਆਇਆ ਸੀ। ਗੁਰਸੇਵਕ ਅਨੁਸਾਰ ਬੀਤੀ ਰਾਤ ਜਦ ਸਮਾਗਮ ਚੱਲ ਰਹੇ ਸੀ ਤਾਂ ਸੁਰਜੀਤ ਸਿੰਘ ਨੇ ਪਿਸ਼ਾਬ ਕਰਨ ਸਮੇਂ ਆਪਣਾ 22 ਬੋਰ ਰਿਵਾਲਵਰ ਹਰਜੀਤ ਸਿੰਘ ਨੂੰ ਫੜ੍ਹਾ ਦਿੱਤਾ। ਇਸ ਸਮੇਂ ਜਦ ਹਰਜੀਤ ਸਿੰਘ ਰਿਵਾਲਵਰ ਨੂੰ ਚੈਕ ਕਰਨ ਲੱਗਾ ਤਾਂ ਅਚਾਨਕ ਉਸ ਵਿੱਚੋਂ ਗੋਲੀ ਚੱਲ ਗਈ। ਜੋ ਹਰਜੀਤ ਸਿੰਘ ਦੀ ਛਾਤੀ ਵਿੱਚ ਲੱਗੀ। ਹਰਜੀਤ ਸਿੰਘ ਨੂੰ ਤੁਰੰਤ ਬਠਿੰਡਾ ਦੇ ਇੱਕ ਨਿੱਜ਼ੀ ਹਸਪਤਾਲ ਵਿੱਚ ਲਿਜਾਇਆ ਗਿਆ।ਜਿੱਥੇ ਉਸਦੀ ਮੌਤ ਹੋ ਗਈ।
ਤਲਵੰਡੀ ਸਾਬੋ ਅਨੁਸਾਰ ਸੁਰਜੀਤ ਸਿੰਘ ਵਾਸੀ ਰਾਈਆ ਸਮਾਗਮ ਵਿੱਚ ਖੁਸ਼ੀ ਵਿੱਚ ਫਾਇਰ ਕਰ ਰਿਹਾ ਸੀ।ਸੁਰਜੀਤ ਸਿੰਘ ਤੋਂ ਆਪਣੇ ਰਿਵਾਲਵਰ ਨਾਲ ਕੀਤੇ ਫਾਇਰ ਨਾਲ ਹਰਜੀਤ ਸਿੰਘ ਦੀ ਛਾਤੀ ਵਿੱਚ ਗੋਲੀ ਲੱਗੀ ਤੇ ਉਸ ਦੀ ਮੌਤ ਹੋ ਗਈ।ਪੁਲਸ ਨੇ ਸੁਰਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।