ਲੁਧਿਆਣਾ : ਥਾਣਾ ਫੋਕਲ ਪੁਆਇੰਟ ਅਧੀਨ ਪੈਂਦੇ ਇਲਾਕੇ ‘ਚ ਸਿਲੰਡਰ ਫਟਣ ਨਾਲ ਦੋ ਮਹੀਨੇ ਜੌੜੇ ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ। ਧਮਾਕਾ ਕਾਰਬਨ ਡਾਈਆਕਸਾਈਡ ਗੈਸ ਦੇ ਸਿਲੰਡਰ ਫਟਣ ਕਾਰਨ ਹੋਇਆ। ਇਸ ਦੌਰਾਨ ਨੌਜਵਾਨ ਦੇ ਚੀਥੜੇ ਚੀਥੜੇ ਉਡ ਗਏ। ਮ੍ਰਿਤਕ ਨੌਜਵਾਨ ਦੀ ਪਛਾਣ ਲੋਹਾਰਾ ਵਾਸੀ ਗੁਰਦੀਪ ਸਿੰਘ ਵੱਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਸ਼ਿਮਲਾਪੁਰੀ ਸਥਿਤ ਸੁਪਰ ਗੈਸ ਕੰਪਨੀ 'ਚ ਕਾਰਬਨ ਡਾਈਆਕਸਾਈਡ ਗੈਸ ਦੇ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਸੀ। ਉਹ ਡਰਾਈਵਰ ਨਾਲ ਪਿਕਅਪ ‘ਚ ਸਿਲੰਡਰ ਸਪਲਾਈ ਕਰਨ ਲਈ ਗਏ ਹੋਏ ਸਨ। ਫੋਕਲ ਪੁਆਇੰਟ ਇਲਾਕੇ ‘ਚ ਗੁਰਦੀਪ ਥੱਲੇ ਖੜ੍ਹਾ ਗੱਡੀ ‘ਚ ਸਿਲੰਡਰ ਸੈੱਟ ਕਰ ਰਿਹਾ ਸੀ ਤਾਂ ਅਚਾਨਕ ਸਿਲੰਡਰ ਬਲਾਸਟ ਹੋ ਗਿਆ, ਜਿਸ ਨਾਲ ਗੁਰਦੀਪ ਕੁੱਝ ਫੁੱਟ ਦੂਰ ਸਥਿਤ ਫੈਕਟਰੀ ਦੇ ਗੇਟ ਨਾਲ ਜਾ ਟਕਰਾਇਆ ‘ਤੇ ਉਸਦੇ ਸਰੀਰ ਦੇ ਚੀਥੜੇ ਉੱਡ ਗਏ, ਜਦੋਂ ਕਿ ਦੂਜੇ ਨੌਜਵਾਨ ਵਰਿੰਦਰ ਦਾ ਬਚਾਅ ਹੋ ਗਿਆ। ਲੋਹੜੀ ਵਾਲੇ ਦਿਨ ਇਹ ਖਬਰ ਮਿਲਦੇ ਹੀ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਦੋ ਮਹੀਨੇ ਪਹਿਲਾਂ ਹੀ ਉਸਦੇ ਘਰ ਜੌੜੇ ਬੱਚਿਆਂ ਨੇ ਜਨਮ ਲਿਆ ਸੀ।