ਚੰਡੀਗੜ੍ਹ : ਫਿਲਮ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੌਰ ਵਿਚ ਜਿਵੇਂ ਇਨਸਾਨੀਅਤ ਦੀ ਸੇਵਾ ਕੀਤੀ, ਲੋਕ ਉਸ ਨੂੰ ਮਸੀਹਾ ਆਖਣ ਲੱਗੇ ਸਨ। ਕਈ ਥਾਈਂ ਸੋਨੂੰ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਸਨ ਪਰ ਸੋਨੂੰ ਆਪਣੀ ਆਤਮ-ਕਥਾ 'ਮੈਂ ਮਸੀਹਾ ਨਹੀਂ..' ਵਿਚ ਲਿਖਦੇ ਹਨ ਕਿ ਸਾਧਾਰਨ ਆਦਮੀ ਹਾਂ, ਮਸੀਹਾ ਨਹੀਂ।
ਇਹ ਮਾਂ ਦੀ ਪਰਵਰਿਸ਼ ਦਾ ਨਤੀਜਾ ਹੈ ਜਿਸ ਨੇ ਪੀੜਤਾਂ ਦੀ ਸੇਵਾ ਲਈ ਪ੍ਰੇਰਿਤ ਕੀਤਾ ਤੇ ਬੁਲੰਦੀ 'ਤੇ ਹੋਣ 'ਤੇ ਵੀ ਜ਼ਮੀਨ ਨਾਲ ਜੋੜੀ ਰੱਖਿਆ। ਸੋਨੂੰ ਦੀ ਕਿਤਾਬ ਨੂੰ ਟੀਵੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਸੈੱਟ 'ਤੇ ਅਮਿਤਾਭ ਬੱਚਨ ਨੇ ਰਿਲੀਜ਼ ਕੀਤਾ।
ਇਹ ਵੀ ਪੜ੍ਹੋ : India : ਕੋਰੋਨਾ ਦਾ ਅਜੀਬ ਤਰੀਕੇ ਨਾਲ ਇਲਾਜ ਦਾ ਦਾਅਵਾ, ਸਰਕਾਰ ਦੇ ਸਕਦੀ ਹੈ ਮਨਜੂਰੀ 😛😲
ਸੋਨੂੰ ਨੇ ਆਪਣੀ ਆਤਮ-ਕਥਾ ਵਿਚ ਲਿਖਿਆ ਹੈ ਕਿ ਕੋਰੋਨਾ ਦੇ ਦੌਰ ਵਿਚ ਜੋ ਕੁਝ ਵੀ ਸਰਦਾ-ਬਣਦਾ ਸੀ, ਕੀਤਾ ਹੈ। ਇਸ ਦੇ ਪਿੱਛੇ ਮਾਂ ਪ੍ਰੋ. ਸਰੋਜ ਸੂਦ ਤੋਂ ਮਿਲੀ ਪਰਵਰਿਸ਼ ਵੱਡੀ ਵਜ੍ਹਾ ਹੈ। ਅੰਗਰੇਜ਼ੀ ਜ਼ੁਬਾਨ ਵਿਚ ਲਿਖੀ ਕਿਤਾਬ ਵਿਚ ਸੋਨੂੰ ਨੇ ਆਪਣੇ ਬਚਪਨ ਦੀਆਂ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਦੀ ਪਹਿਲ 'ਤੇ ਮੋਗਾ ਦੇ ਮੇਨ ਬਾਜ਼ਾਰ ਤੋਂ ਲੈ ਕੇ ਅਕਾਲਸਰ ਰੋਡ ਨੂੰ ਜੋੜਣ ਵਾਲੀ ਸੜਕ ਨੂੰ ਸੋਨੂੰ ਦੀ ਮਾਤਾ ਪ੍ਰੋ. ਸਰੋਜ ਸੂਦ ਦਾ ਨਾਂ ਦਿੱਤਾ ਗਿਆ ਹੈ, ਇਸ ਨੂੰ ਲੈ ਕੇ ਸੋਨੂੰ ਜਜ਼ਬਾਤੀ ਹੋ ਗਏ। ਉਨ੍ਹਾਂ ਇਸ ਨੂੰ ਵੱਡੀ ਪ੍ਰਾਪਤੀ ਕਰਾਰ ਦਿੱਤਾ ਹੈ। ਸੋਨੂੰ ਨੇ ਇਸ ਬਾਰੇ ਤਸਵੀਰ ਟਵੀਟ ਕੀਤੀ ਤੇ ਲਿਖਿਆ, ''ਇਹ ਜ਼ਿੰਦਗੀ ਦੀ ਹੁਣ ਤਕ ਦੀ ਵੱਡੀ ਪ੍ਰਾਪਤੀ ਹੈ। ਮੇਰੀ ਮਾਂ ਦੇ ਨਾਂ 'ਤੇ ਸੜਕ ਸਮਰਪਤ ਕੀਤੀ ਗਈ ਹੈ''।