ਕਲਾਨੌਰ : ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਨੂੰ ਜੋ ਕਿਸਾਨਾਂ ਵਲੋਂ ਕੱਲ ਤੋਂ ਧਰਨਾ ਲਗਾਇਆ ਗਿਆ ਸੀ ਅੱਜ ਪ੍ਰਸ਼ਾਸਨ ਵਲੋਂ ਕਿਸਾਨਾਂ ਨਾਲ ਮਿਲ ਕੇ ਮਸਲੇ ਨੂੰ ਸੁਲਝਾ ਲਿਆ ਗਿਆ ਹੈ। ਇਸ ਮਸਲੇ ਵਿਚ ਕਿਸਾਨਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਜ਼ਮੀਨਾ ਦੇ ਪੈਸੇ ਬਿਨਾਂ ਟੀਡੀਐੱਸ ਕੱਟਣ ਤੋਂ ਪੂਰੇ ਮਿਲਣੇ ਚਾਹੀਦੇ ਹਨ ਜੋ ਕਿ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਮੰਗ ਸਵੀਕਾਰ ਕਰ ਲਈ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਡੀਐਮ ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿੱਲੋਂ ਨੇ ਦਸਿਆ ਕਿਸਾਨਾਂ ਵਲੋਂ ਜੋ ਟੀਡੀਐਸ ਕੱਟ ਕੇ ਪੈਸੇ ਦੇਣ ਦੀ ਗੱਲ ਸੀ ਉਸ ਨੂੰ ਸੁਲਝਾ ਲਿਆ ਗਿਆ ਹੈ ਅਤੇ ਕਿਸਾਨਾਂ ਨੂੰ ਭਰੋਸਾ ਦਿਤਾ ਗਿਆ ਹੈ ਕਿ ਇਹ ਜ਼ਮੀਨ ਖੇਤੀਬਾੜੀ ਅਧੀਨ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਜ਼ਮੀਨ ਦੀ ਪੂਰੀ ਰਕਮ ਕਿਸਾਨ ਦੇ ਬੈਂਕ ਖਾਤੇ ਵਿਚ ਤਬਦੀਲ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਕਿਸਾਨਾਂ ਵਲੋਂ ਸਹਿਮਤੀ ਦਿਤੀ ਗਈ ਅਤੇ ਧਰਨਾ ਚੁੱਕ ਲਿਆ ਗਿਆ।