ਕਾਨਪੁਰ : ਕਾਨਪੁਰ ਦੇ ਮੁੱਖ ਡਾਕਘਰ ਤੋਂ ਅੰਡਰਵਲਡ ਮਾਫੀਆ ਡਾਨ ਛੋਟਾ ਰਾਜਨ ਅਤੇ ਮਾਰੇ ਜਾ ਚੁੱਕੇ ਗੈਂਗਸਟਰ ਮੁੰਨਾ ਬਜਰੰਗੀ ਦੀ ਤਸਵੀਰਾਂ ਵਾਲੇ ਡਾਕ ਟਿਕਟ ਜਾਰੀ ਕੀਤੇ ਜਾਣੇ ਮਗਰੋਂ ਵਿਭਾਗ ਨੇ ਇਸ ਮਾਮਲੇ ’ਚ ਜ਼ਿੰਮੇਦਾਰ ਪਾਏ ਜਾਣ ਵਾਲੇ ਇਕ ਵਿਭਾਗ ਦੇ ਮੁਲਾਜ਼ਮ ਨੂੰ ਮੁਅੱਤਲ ਕਰ ਦਿਤਾ ਹੈ। ਡਾਗ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਡਾਕਘਰ ’ਚ ਛੋਟਾ ਰਾਜਨ ਅਤੇ ਬਜਰੰਗੀ ਦੀ ਤਸਵੀਰਾਂ ਦੇ ਨਾਲ ਡਾਕ ਟਿਕਟ ਜਾਰੀ ਕੀਤੇ ਗਏ।
ਰਾਜਨ ਅਤੇ ਬਜਰੰਗੀ ਦੇ 12-12 ਟਿਕਟ ‘ਮਾਈ ਸਟੈਂਪ’ ਯੋਜਨਾ ਦੇ ਤਹਿਤ ਛਾਪੇ ਗਏ ਅਤੇ ਵਿਭਾਗ ਨੇ ਇਨ੍ਹਾਂ ਨੂੰ ਜਾਰੀ ਵੀ ਕੀਤਾ। ਪੋਸਟਮਾਸਟਰ ਜਨਰਲ ਵੀ.ਕੇ. ਵਰਮਾ ਨੇ ਛੋਟਾ ਰਾਜਨ ਅਤੇ ਮੁੰਨਾ ਬਜਰੰਗੀ ਦੀ ਤਸਵੀਰਾਂ ਵਾਲੇ ਡਾਕ ਟਿਕਟ ਜਾਰੀ ਕਰਨ ’ਚ ਹੋਈ ਗਲਤੀ ਨੂੰ ਮੰਨ ਲਿਆ ਹੈ। ਵਰਮਾ ਨੇ ਕਿਹਾ ਕਿ ਬੇਨਿਯਮੀਆਂ ਅਤੇ ਖਾਮੀਆਂ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਵਰਮਾ ਨੇ ਕਿਹਾ, ‘‘ਡਾਕ ਟਿਕਟ ਜਾਰੀ ਕਰਨ ਤੋਂ ਪਹਿਲਾਂ ਪਛਾਣ ਦੀ ਜੋ ਲਾਜ਼ਮੀ ਪ੍ਰੀਕਿਰਿਆ ਹੈ, ਉਸ ਦੀ ਪਾਲਣਾ ਕੀਤੇ ਬਿਨਾਂ ਹੀ ਜ਼ਿੰਮੇਦਾਰ ਕਰਮੀ ਨੇ ਡਾਕ ਟਿਕਟ ਜਾਰੀ ਕਰ ਦਿੱਤੇ।’’ ਪੋਸਟਰਮਾਸਟਰ ਜਨਰਲ ਨੇ ਕਿਹਾ, ‘‘ਅਸੀਂ ਇਸ ਸਬੰਧ ’ਚ ਕੁੱਝ ਹੋਰ ਕਰਮਚਾਰੀਆਂ ਨੂੰ ਕਾਰਨ ਦਸੋ ਨੋਟਿਸ ਵੀ ਜਾਰੀ ਕਰ ਦਿਤਾ ਹੈ।’’