ਮੁੰਬਈ : ਮਰਹੂਮ ਅਭਿਨੇਤਾ ਇਰਫਾਨ ਖਾਨ ਦੀ ਆਖਰੀ ਫਿਲਮ 'ਦਿ ਸੋਂਗ ਆਫ ਸਕਾਰਪੀਅਨਜ਼' ਅਗਲੇ ਸਾਲ ਯਾਨੀ 2021 ਦੀ ਸ਼ੁਰੂਆਤ 'ਚ ਰਿਲੀਜ਼ ਹੋਵੇਗੀ।
ਦੱਸ ਦਈਏ ਕਿ ਅਨੂਪ ਸਿੰਘ ਵਲੋਂ ਡਾਇਰੈਕਟ ਇਹ ਫਿਲਮ ਸਕਾਰਪੀਅਨ ਸਿੰਗਰ ਨੂਰਾਨ ਦੇ ਇਰਦ-ਗਿਰਦ ਘੁੰਮਦੀ ਹੈ, ਜੋ ਆਪਣੀ ਦਾਦੀ ਤੋਂ ਸਿੱਖੇ ਇਸ ਹੁਨਰ 'ਚ ਮਾਹਿਰ ਹੁੰਦੀ ਹੈ, ਜਿਸ ਦੇ ਤਹਿਤ ਬਿਛੂ ਦਾ ਡੰਗ ਲਗੇ ਇਨਸਾਨ ਦੀ ਜਿਥੇ ਘੱਟ ਤੋਂ ਘੱਟ ਸਮੇਂ 'ਚ ਮੌਤ ਹੋ ਜਾਂਦੀ ਹੈ, ਉਸੇ ਸਮੇਂ ਸਕਾਰਪੀਅਨ ਸਿੰਗਰ ਦੇ ਗਾਣੇ ਨਾਲ ਉਸ ਨੂੰ ਬਚਾਇਆ ਜਾ ਸਕਦਾ ਹੈ। ਦੱਸ ਦਈਏ ਕਿ ਇਰਫਾਨ ਇਸ ਫਿਲਮ 'ਚ ਊਠਾਂ ਦਾ ਵਪਾਰ ਕਰਨ ਵਾਲੇ ਇੱਕ ਵਪਾਰੀ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਫਿਲਮ 'ਚ ਮਸ਼ਹੂਰ ਅਭਿਨੇਤਰੀ ਵਹਿਦਾ ਰਹਿਮਾਨ ਸਹਿਤ ਇਰਾਨੀ ਅਭਿਨੇਤਰੀ ਗੋਲਸ਼ਿਫਤੇਹ ਫਰਾਹਾਨੀ ਵੀ ਹਨ। ਸਾਲ 2017 'ਚ 70ਵੇਂ ਲੋਕਾਰਨੋ ਫਿਲਮ ਫੈਸਟੀਵਲ ਵਿੱਚ ਇਹ ਫਿਲਮ ਦਿਖਾਈ ਜਾ ਚੁੱਕੀ ਹੈ।
ਫਿਲਮ ਦੇ ਨਿਰਮਾਤਾਵਾਂ ਵਿਚੋਂ ਇੱਕ ਅਭਿਸ਼ੇਕ ਪਾਠਕ ਨੇ ਦੱਸਿਆ, ''ਦਿ ਸੋਂਗ ਆਫ ਸਕਾਰਪੀਅਨਜ਼' ਇੱਕ ਸਪੈਸ਼ਲ ਕਹਾਣੀ ਹੈ ਅਤੇ ਇਰਫ਼ਾਨ ਖਾਨ ਦੀ ਆਖਰੀ ਫਿਲਮ ਨੂੰ ਪੇਸ਼ ਕਰਨਾ ਸਾਡੇ ਲਈ ਸੱਚਮੁੱਚ ਇੱਕ ਸਨਮਾਨ ਦੀ ਗੱਲ ਹੈ। ਅਸੀਂ ਭਾਰਤੀ ਸਿਨੇਮਾ ਦੇ ਮਨਪਸੰਦ ਅਭਿਨੇਤਾ ਪ੍ਰਤੀ ਇੱਕ ਸ਼ਰਧਾਂਜਲੀ ਦੇ ਤੌਰ 'ਤੇ ਦਰਸ਼ਕਾਂ ਦੇ ਸਾਹਮਣੇ ਇਸ ਫਿਲਮ ਨੂੰ ਪੇਸ਼ ਕਰਾਂਗੇ।"