ਗੁਰਦਾਸਪੁਰ : ਧਾਰੀਵਾਲ ਦੇ ਕਲਿਆਣਪੁਰ ਮੋੜ 'ਤੇ ਸੈਰ ਕਰ ਰਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ 32 ਸਾਲਾ ਜਗਦੀਪ ਸਿੰਘ ਜੱਗੀ ਦੇ ਪਰਿਵਾਰਕ ਜੀਆਂ ਅਨੁਸਾਰ ਉਹ ਰਾਤ ਦਾ ਖਾਣਾ ਖਾ ਕੇ ਬਾਹਰ ਸੈਰ ਕਰਨ ਲਈ ਨਿਕਲਿਆ ਸੀ।
ਕਾਫ਼ੀ ਦੇਰ ਤੱਕ ਵਾਪਸ ਨਾ ਪਰਤਣ 'ਤੇ ਜਦੋਂ ਪਰਿਵਾਰ ਨੇ ਨੌਜਵਾਨ ਦੀ ਭਾਲ ਕੀਤੀ ਤਾਂ ਉਹ ਖ਼ੂਨ ਨਾਲ ਲੱਥਪੱਥ ਮਿਲਿਆ। ਸੂਚਨਾ ਮਿਲਦੇ ਹੀ ਥਾਣਾ ਧਾਰੀਵਾਲ ਮੁਖੀ ਮਨਜੀਤ ਸਿੰਘ ਪੁਲਿਸ ਅਮਲੇ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਭੇਜਿਆ ਗਿਆ ਹੈ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿੰਡ ਦੇ ਹੀ ਕੁਝ ਲੋਕਾਂ ਨਾਲ ਝਗੜਾ ਚਲ ਰਿਹਾ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਰੰਜਿਸ਼ ਦੇ ਚਲਦੇ ਹੀ ਜਗਦੀਪ ਸਿੰਘ ਦਾ ਕਤਲ ਕੀਤਾ ਗਿਆ ਹੈ।