ਖੇਤੀ ਬਿਲਾਂ ਨੂੰ ਵਾਪਸ ਲਵੇ ‘ਤੇ ਆੜ੍ਹਤੀਆਂ ‘ਤੇ ਛਾਪੇਮਾਰੀਆਂ ਬੰਦ ਕਰਵਾਵੇ ਕੇਂਦਰ ਸਰਕਾਰ-ਸਿੰਗਲਾ
ਸੰਗਰੂਰ : ਕਿਸਾਨ ਦਿਵਸ ਮੌਕੇ ਕਿਸਾਨੀ ਸੰਘਰਸ਼ ਨੂੰ ਹਿਮਾਇਤ ਦਿੰਦੇ ਹੋਏ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਨਾਜ ਮੰਡੀ (ਸੰਗਰੂਰ) ‘ਤੇ ਸਵੇਰ ਤੋਂ ਹੀ ਭੁੱਖ ਹੜਤਾਲ ‘ਤੇ ਬੈਠੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸੋਮਨਾਥ ਬਾਂਸਲ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਨਿਲ ਕੁਮਾਰ ਘੀਚਾ ਦੇ ਇਲਾਵਾ ਕਿਸਾਨ ਵੀ ਸ਼ਾਮਿਲ ਹਨ। ਇਸ ਮੌਕੇ ਸਿੰਗਲਾ ਨੇ ਕੇਂਦਰ ਸਰਕਾਰ ਖਿਲਾਫ ਬੋਲਦਿਆ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਪੂੰਜੀਪਤੀਆਂ ਦੇ ਹੱਥ ਦੀ ਕਠਪੁਤਲੀ ਬਣ ਗਈ ਹੈ। ਕਿਸਾਨਾਂ ਦੀ ਸਲਾਹ ਲਏ ਬਿਨਾਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾ ਕੇ ਕਿਸਾਨ ਵਿਰੋਧੀ ਹੋਣ ਦਾ ਜਿੱਥੇ ਸਬੂਤ ਪੇਸ਼ ਕੀਤਾ ਹੈ, ਉੱਥੇ ਹੀ ਦਿੱਲੀ 'ਚ ਠੰਢ ਦੇ ਮੌਸਮ 'ਚ ਦਿਨ-ਰਾਤ ਸੜਕਾਂ 'ਤੇ ਅੰਦੋਲਨ ਨੂੰ ਕਰੀਬ ਇਕ ਮਹੀਨੇ ਦਾ ਸਮਾਂ ਹੋਣ ਨੂੰ ਆਇਆ ਹੈ, ਪਰ ਮੋਦੀ ਸਰਕਾਰ ਅੱਜ ਵੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਉਨ੍ਹਾਂ ਦੇ ਫਾਇਦੇ ਕਿਸਾਨਾਂ ਨੂੰ ਸਮਝਾ ਰਹੀ ਹੈ।
ਪੰਜਾਬ ਦੇ ਆੜ੍ਹਤੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਸਮਰਥਨ ਦੇਣ 'ਤੇ ਕੇਂਦਰ ਸਰਕਾਰ ਹੁਣ ਆੜ੍ਹਤੀਆਂ ਦੇ ਪ੍ਰਧਾਨ ਤੇ ਹੋਰ ਆੜ੍ਹਤੀਆਂ ਦੇ ਘਰਾਂ 'ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਕਰ ਕੇ ਡਰਾ ਰਹੀ ਹੈ, ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਤੇ ਆੜ੍ਹਤੀਆਂ 'ਤੇ ਛਾਪੇਮਾਰੀਆਂ ਬੰਦ ਕਰਵਾਏ।