ਫਗਵਾੜਾ, : ਅੱਜ ਫਗਵਾੜਾ ਵਿਖੇ ਐਸ.ਡੀ.ਐਮ. ਜੈਇੰਦਰ ਸਿੰਘ ਦੀ ਅਗਵਾਈ ਹੇਠ ਬਣਾਈਆਂ ਗਈਆਂ ਟੀਮਾਂ ਵਲੋਂ ਸਥਾਨਕ ਪੁਲਿਸ ਨਾਲ ਮਿਲ ਕੇ ਬਹੁਤ ਸੂਝਬੂਝ ਨਾਲ ਚੋਣਾਂ ਦੇ ਕੰਮਕਾਜ ਨੂੰ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੇ ਸਬੰਧ ਅਲਰਟ ਹੋਈ ਫਗਵਾੜਾ ਪੁਲਿਸ ਅਤੇ ਚੋਣ ਕਮਿਸ਼ਨ ਦੀ ਟੀਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਪ੍ਰਾਪਤ ਹੋਈ ਜਦੋਂ ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਇਲਾਕੇ ਵਿਚ ਕੀਤੀ ਨਾਕਾਬੰਦੀ ਦੌਰਾਨ ਇਕ ਮਰੂਤੀ ਸਵਿਫ਼ਟ ਕਾਰ ਵਿਚੋਂ ਭਾਰਤੀ ਕਰੰਸੀ 4 ਲੱਖ 83 ਅਤੇ ਵਿਦੇਸ਼ੀ ਕਰੰਸੀ ਜਿਸ ਦੀ ਭਾਰਤੀ ਕੀਮਤ 1 ਲੱਖ 12 ਹਜ਼ਾਰ ਮੌਕੇ 'ਤੇ ਬਰਾਮਦ ਹੋਈ ਹੈ। ਕਾਰ ਚਾਲਕ ਦੀ ਪਛਾਣ ਸਿਮਰਨ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਫ਼ਰੈਂਡਜ਼ ਕਾਲੋਨੀ ਫਗਵਾੜਾ ਦੇ ਰੂਪ ਵਿਚ ਹੋਈ ਹੈ। ਸਿਮਰਨ ਸਿੰਘ ਨੇ ਅਪਣੇ ਆਪ ਨੂੰ ਇਕ ਮਨੀ ਚੇਂਜਰ ਦਾ ਕੰਮ ਕਰਨ ਵਾਲਾ ਦਸਿਆ ਹੈ ਲੇਕਿਨ ਮੌਕੇ 'ਤੇ ਕੀਤੀ ਗਈ ਪੁੱਛਗਿੱਛ ਦੌਰਾਨ ਉਹ ਪੁਲਿਸ ਅਤੇ ਟੀਮ ਦੇ ਅਧਿਕਾਰੀਆਂ ਨੂੰ ਫੜ੍ਹੇ ਗਏ ਪੈਸਿਆਂ ਦਾ ਕੋਈ ਦਸਤਾਵੇਜ਼ ਨਹੀ ਦਿਖਾ ਸਕਿਆ ਹੈ ਜਿਸ ਦੇ ਚਲਦਿਆਂ ਪੁਲਿਸ ਨੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।