ਮੈਲਬੋਰਨ, : ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਚੌਵੀ ਘੰਟੇ ਚੱਲਣ ਵਾਲੇ ਪੰਜਾਬੀ ਰੇਡੀਉ ਹਾਂਜੀ ਦੀ ਟੀਮ ਨੇ ਪ੍ਰਵਾਸੀਆਂ ਦੇ ਮਾਪਿਆਂ ਦੇ ਪੱਕੇ ਵੀਜ਼ੇ ਨੂੰ ਲੈ ਕੇ ਇੱਕ ਆਨਲਾਈਨ ਪਟੀਸ਼ਨ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਟੀਮ ਦੇ ਮੈਂਬਰ ਅਮਰਿੰਦਰ ਗਿੱਦਾ ਅਨੁਸਾਰ ਆਸਟਰੇਲੀਆ ਦੀਆਂ ਸਾਰੀਆਂ ਹੀ ਰਵਾਇਤੀ ਪਾਰਟੀਆਂ ਪ੍ਰਵਾਸੀਆਂ ਦੇ ਮਾਪਿਆਂ ਦੇ ਪੱਕੇ ਵੀਜ਼ੇ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆ ਰਹੀਆਂ ਹਨ।
ਅੱਜ ਜੇਕਰ ਕਿਸੇ ਪ੍ਰਵਾਸੀ ਨੇ ਆਪਣੇ ਮਾਪਿਆਂ ਲਈ ਘੱਟ ਪੈਸੇ ਵਾਲਾ ਪੱਕਾ ਵੀਜ਼ਾ ਅਪਲਾਈ ਕਰਨਾ ਹੁੰਦਾ ਹੈ ਤਾਂ ਉਸ ਨੂੰ 25 ਤੋਂ ਲੈ ਕੇ 30 ਸਾਲ ਤਕ ਦਾ ਲੰਮਾ ਇੰਤਜਾਰ ਕਰਨਾ ਪੈਂਦਾ ਹੈ। ਇਹਦੇ ਨਾਲ ਹੀ ਪ੍ਰਵਾਸੀ ਮਾਪਿਆਂ ਲਈ ਇੱਕ ਹੋਰ ਵੀਜ਼ਾ ਵੀ ਹੈ, ਜਿਸ ਲਈ ਮੋਟੀ ਰਕਮ ਦੇਣੀ ਪੈਂਦੀ ਹੈ ਜੋ ਕਿ ਬਹੁਤੇ ਪ੍ਰਵਾਸੀਆਂ ਦੀਆਂ ਜੇਬਾਂ ਉੱਤੇ ਵੱਡਾ ਆਰਥਕ ਬੋਝ ਪਾਉਂਦੀ ਹੈ। ਗਿੱਦਾ ਅਨੁਸਾਰ ਇਸ ਮਹੀਨੇ ਹੋਣ ਜਾ ਰਹੀਆਂ ਆਸਟਰੇਲੀਆ ਦੀਆਂ ਸੰਘੀ ਚੋਣਾਂ ਦੌਰਾਨ ਪ੍ਰਵਾਸੀ ਵੋਟਰਾਂ ਨੂੰ ਹਰੇਕ ਪਾਰਟੀ ਦੇ ਉਮੀਦਵਾਰ ਨੂੰ ਇਸ ਮੁੱਦੇ ਉੱਤੇ ਜਵਾਬਦੇਹ ਬਣਾਉਣਾ ਚਾਹੀਦਾ ਹੈ ਤਾਂ ਜੋ ਕਿ ਪ੍ਰਵਾਸੀਆ ਦੇ ਬੱਚੇ ਭਵਿੱਖ 'ਚ ਆਪਣੇ ਦਾਦਾ ਦਾਦੀ , ਨਾਨਾ ਨਾਨੀ ਦੀ ਗੋਦੀ ਦਾ ਨਿੱਘ ਮਾਣ ਸਕਣ । ਰੇਡੀਉ ਹਾਂਜੀ ਦੀ ਸਮੁੱਚੀ ਟੀਮ ਵੱਲੋਂ ਭਾਰਤੀ ਭਾਈਚਾਰੇ ਨੂੰ ਇਸ ਮੁਹਿੰਮ ਵਿੱਚ ਵੱਧ ਤੋ ਵੱਧ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਗਈ ਹੈ।