ਜਲੰਧਰ : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਬੁੱਧਵਾਰ ਨੂੰ ਵਿਆਹ ਬੰਧਨ ਵਿਚ ਬੱਝ ਗਏ। ਉਨ੍ਹਾਂ ਦਾ ਵਿਆਹ ਮਲੇਸ਼ੀਆ ਦੀ ਰਹਿਣ ਵਾਲੀ ਇਲੀ ਸਾਦਿਕ ਨਾਲ ਹੋਇਆ ਹੈ। ਦੱਸ ਦਈਏ ਕਿ ਮਨਪ੍ਰੀਤ ਅਤੇ ਉਨ੍ਹਾਂ ਦੇ ਘਰ ਵਾਲਿਆਂ ਦੇ ਮਹਿਮਾਨਾਂ ਦੀ ਮੌਜੂਦਗੀ ਵਿਚ ਇੱਥੇ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰੇ ਵਿਚ ਉਨ੍ਹਾਂ ਦੇ ਆਨੰਦ ਕਾਰਜ ਹੋਏ।
ਜਾਣਕਾਰੀ ਅਨੁਸਾਰ ਮਨਪ੍ਰੀਤ ਦੇ ਘਰ ਵਾਲਿਆਂ ਨੇ ਨੂੰਹ ਦਾ ਨਾਂ ਨਵਪ੍ਰੀਤ ਕੌਰ ਰੱਖਿਆ ਹੈ। ਮਨਪ੍ਰੀਤ ਇਲੀ ਨਾਲ ਸਾਲ 2012 ਵਿਚ ਮਲੇਸ਼ੀਆ ਵਿਚ ਸੁਲਤਾਨ ਆਫ਼ ਜੌਹਰ ਕੱਪ ਦੇ ਦੌਰਾਨ ਮਿਲੇ ਸਨ। ਉਦੋਂ ਮਨਪ੍ਰੀਤ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰ ਰਹੇ ਸੀ। ਉਸ ਦੇ ਬਾਅਦ ਤੋਂ ਉਨ੍ਹਾਂ ਵਿਚ ਨੇੜ੍ਹਤਾ ਵਧਣ ਲੱਗੀ ਸੀ। ਇਲੀ ਦੀ ਮਾਂ ਮਲੇਸ਼ੀਆ ਦੀ ਸੈਨਾ ਦੇ ਲਈ ਹਾਕੀ ਖੇਡਿਆ ਕਰਦੀ ਸੀ। ਇਸੇ ਕਾਰਨ ਇਲੀ ਅਤੇ ਮਨਪ੍ਰੀਤ ਵਿਚ ਦੋਸਤੀ ਹੋ ਗਈ ਸੀ।
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਆਨੰਦ ਕਾਰਜ ਵਿਚ ਹਾਕੀ ਦੇ ਕਈ ਦਿੱਗਜ ਖਿਡਾਰੀ ਵੀ ਪਹੁੰਚੇ ਹਨ। ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਤੋਂ ਇਲਾਵਾ ਕੌਮਾਂਤਰੀ ਹਾਕੀ ਖਿਡਾਰੀ ਵਰੁਣ ਕੁਮਾਰ ਗੁਰਦੁਆਰੇ ਵਿਚ ਮੌਜੂਦ ਰਹੇ। ਮਨਪ੍ਰੀਤ ਜਲੰਧਰ ਦੇ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਹਨ। ਮਨਪ੍ਰੀਤ ਪਹਿਨਾਂ ਟੋਕਿਓ ਓਲੰਪਿਕ ਤੋਂ ਬਾਅਦ ਅਪਣਾ ਵਿਆਹ ਕਰਨ ਵਾਲੇ ਸੀ। ਮਾਰਚ ਵਿਚ ਕੋਰੋਨਾ ਮਹਾਮਾਰੀ ਕਾਰਨ ਅਜਿਹਾ ਨਹੀਂ ਹੋ ਸਕਿਆ ਸੀ। ਇਸ ਤੋ ਬਾਅਦ ਉਨ੍ਹਾਂ ਦਾ ਵਿਆਹ ਇਸ ਸਾਲ ਦੋ ਦਸੰਬਰ ਨੂੰ ਹੋਣ ਦੀ ਖ਼ਬਰਾਂ ਆਈਆਂ ਸਨ।
ਸਾਲ 1992 ਵਿਚ ਜਨਮੇ ਮਨਪ੍ਰੀਤ ਮਈ 2017 ਤੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ। ਭਾਰਤ ਵਲੋਂ ਉਹ ਸਭ ਤੋਂ ਪਹਿਲਾਂ ਸਾਲ 2011 ਵਿਚ 19 ਸਾਲ ਦੀ ਉਮਰ ਵਿਚ ਖੇਡੇ ਸੀ। 2012 ਅਤੇ 2016 ਵਿਚ ਭਾਰਤੀ ਓਲੰਪਿਕ ਟੀਮ ਦਾ ਹਿੱਸਾ ਰਹੇ।