ਜੰਮੂ-ਕਸ਼ਮੀਰ ਤੋਂ ਲਿਆਂਦੀ ਜਾ ਰਹੀ ਢਾਈ ਕੁਇੰਟਲ ਭੁੱਕੀ ਸਮੇਤ 2 ਕਾਬੂ
ਕਪੂਰਥਲਾ : ਕਪੂਰਥਲਾ ਪੁਲਿਸ ਵਲੋਂ SSP ਸ਼੍ਰੀਮਤੀ ਕੰਵਰਦੀਪ ਕੌਰ IPS ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ DSP ਭੁਲੱਥ ਅਜੈ ਗਾਂਧੀ IPS ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦੇ 2 ਮੈਂਬਰਾਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
SSP ਕਪੂਰਥਲਾ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਵੇਈਂ ਦੇ ਪੁਲ 'ਤੇ ਨਾਕਾਬੰਦੀ ਦੌਰਾਨ ਜੰਮੂ ਤੇ ਕਸ਼ਮੀਰ ਤੋਂ ਟਰੱਕ ਨੰਬਰ ਜੇ ਕੇ 18-4520 ਰਾਹੀਂ ਭੁੱਕੀ ਲਿਆਂਦੇ ਜਾਣ ਦੀ ਸੂਹ ਮਿਲੀ। ਪੁਲਿਸ ਪਾਰਟੀ ਵਲੋਂ ਪੂਰੀ ਮੁਸਤੈਦੀ ਵਰਤਦਿਆਂ ਟਰੱਕ ਨੂੰ ਨਾਕੇ 'ਤੇ ਰੋਕਕੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਹੇਲ ਅਹਿਮਦ ਬਾਦੀ ਪੁੱਤਰ ਬਸ਼ਰ ਅਹਿਮਦ ਬਾਦੀ ਵਾਸੀ ਮਨਦੋਜਨ ਸ਼ੋਪੀਆਂ ਤੇ ਸੁੱਖਾ ਪੁੱਤਰ ਅਮਰੀਕ ਸਿੰਘ ਵਾਸੀ ਭਦਾਸ, ਪੁਲਿਸ ਸਟੇਸ਼ਨ ਭੁਲੱਥ ਵਜੋਂ ਹੋਈ ਹੈ।
ਇਨ੍ਹਾਂ ਦੇ ਕਬਜ਼ੇ ਵਿਚੋਂ 250 ਕਿਲੋ ਭੁੱਕੀ ਬਰਾਮਦ ਕੀਤੀ ਗਈ ਜੋ ਕਿ ਇਨਾਂ ਪਲਾਸਟਿਕ ਦੇ 10 ਬੈਗਾਂ ਵਿਚ ਲੁਕੋ ਕੇ ਰੱਖੀ ਸੀ । ਪੁਲਿਸ ਵਲੋਂ ਟਰੱਕ ਜ਼ਬਤ ਕਰ ਲਿਆ ਗਿਆ ਹੈ ਤੇ ਦੋਹਾਂ ਵਿਰੁੱਧ ਭੁਲੱਥ ਪੁਲਿਸ ਸਟੇਸ਼ਨ ਵਿਖੇ FIR ਨੰਬਰ 95 ਨੂੰ NDPS ਐਕਟ ਦੀ ਧਾਰਾ 15 ਸੀ-61-85 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।