ਵਾਸ਼ਿੰਗਟਨ : ਅਮਰੀਕਾ ਦੇ ਇਲੈਕਟੋਰਲ ਕਾਲਜ ਨੇ ਜੋਅ ਬਾਇਡਨ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਬਹੁਮਤ ਦੇ ਕੇ ਉਨ੍ਹਾਂ ਦੀ ਜਿੱਤ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਪਹਿਲੀ ਵਾਰ ਕਈ ਸੀਨੀਅਰ ਰਿਪਬਲਿਕਨਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੇਟ ਪਾਰਟੀ ਦੇ ਜੋਅ ਬਾਇਡਨ ਜੇਤੂ ਹਨ। ਇਸ ਦੇ ਨਾਲ ਹੀ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਕਾਨੂੰਨੀ ਲੜਾਈ ਨੂੰ ਠੱਲ ਪੈ ਗਈ ਹੈ ਜਿਸ ਵਿਚ ਚੋਣ ਵਿਚ ਵੱਡੇ ਪੱਧਰ 'ਤੇ ਹੇਰਾਫੇਰੀ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਬਾਇਡਨ ਨੂੰ ਦੇਸ਼ ਦੇ 50 ਸੂਬਿਆਂ ਨੇ 306 ਇਲੈਕਟੋਰਲ ਕਾਲਜ ਮਿਲਣ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ 270 ਇਲੈਕਟੋਰਲ ਕਾਲਜ ਦੀ ਲੋੜ ਹੁੰਦੀ ਹੈ। ਕਾਨੂੰਨ ਅਨੁਸਾਰ ਇਲੈਕਟੋਰਲ ਕਾਲਜ ਦੀ ਬੈਠਕ ਦਸੰਬਰ ਦੇ ਦੂਜੇ ਬੁੱਧਵਾਰ ਤੋਂ ਬਾਅਦ ਆਉਣ ਵਾਲੇ ਪਹਿਲੇ ਸੋਮਵਾਰ ਨੂੰ ਹੁੰਦੀ ਹੈ। ਇਸ ਦਿਨ ਸਾਰੇ 50 ਸੂਬਿਆਂ ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ਦੇ ਗਵਰਨਰ ਆਪਣਾ ਵੋਟ ਪਾਉਣ ਲਈ ਬੈਠਕ ਕਰਦੇ ਹਨ। ਹਾਲਾਂਕਿ ਇਹ ਬੈਠਕ ਸਿਰਫ਼ ਇਕ ਰਸਮੀ ਕਾਰਵਾਈ ਹੁੰਦੀ ਹੈ ਪਰ ਇਹ ਬੈਠਕ ਇਸ ਸਾਲ ਪਹਿਲਾਂ ਦੀ ਮੁਕਾਬਲੇ ਜ਼ਿਆਦਾ ਚਰਚਾ ਵਿਚ ਰਹੀ ਕਿਉਂਕਿ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਹਾਰ ਮਨਜ਼ੂਰ ਨਾ ਕਰਦਿਆਂ ਹੋਇਆਂ ਚੋਣਾਂ 'ਚ ਧੋਖਾਧੜੀ ਦੇ ਦੋਸ਼ ਲਗਾਏ ਹਨ।