ਸੂਰਤ (ਏਜੰਸੀ) : ਸੂਰਤ ਦੀ ਸੈਸ਼ਨ ਅਦਾਲਤ ਨੇ ਜੇਲ ਵਿਚ ਬੰਦ ਅਖੌਤੀ ਸਾਧ ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਨੂੰ ਬਲਾਤਕਾਰ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜੇਲ ਵਿਚ ਬੰਦ ਆਸਾਰਾਮ ਦੇ ਬੇਟੇ ਵਿਰੁਧ ਇਹ ਮਾਮਲਾ 2013 ਵਿਚ ਕਿਸੇ ਔਰਤ ਦੁਆਰਾ ਦਰਜ ਕਰਾਇਆ ਗਿਆ ਸੀ ਜੋ ਪਹਿਲਾਂ ਉਸ ਦੀ ਚੇਲੀ ਸੀ। ਵਧੀਕ ਸੈਸ਼ਨ ਜੱਜ ਪੀ ਐਸ ਗੜਵੀ ਨੇ ਸਾਈਂ ਨੂੰ ਸਜ਼ਾ ਸੁਣਾਈ ਅਤੇ ਉਸ ਨੂੰ ਪੀੜਤ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ|।
ਦੋ ਔਰਤਾਂ ਸਮੇਤ ਤਿੰਨ ਸਾਥੀਆਂ ਨੂੰ 10-10 ਸਾਲ ਦੀ ਜੇਲ
ਅਦਾਲਤ ਨੇ ਸਥਾਨਕ ਲਾਜਪੋਰ ਜੇਲ ਵਿਚ 2013 ਤੋਂ ਬੰਦ ਸਾਈਂ ਦੇ ਤਿੰਨ ਸਾਥੀਆਂ ਨੂੰ ਵੀ ਵੱਖ ਵੱਖ ਅਪਰਾਧਾਂ ਦਾ ਦੋਸ਼ੀ ਕਰਾਰ ਦਿਤਾ ਅਤੇ ਉਨ੍ਹਾਂ ਨੂੰ 10-10 ਸਾਲ ਦੀ ਜੇਲ ਦੀ ਸਜ਼ਾ ਸੁਣਾਈ। ਤਿੰਨਾਂ ਵਿਚੋਂ ਦੋ ਔਰਤਾਂ ਹਨ। ਸਾਈਂ ਦੇ ਡਰਾਈਵਰ ਰਾਜਕੁਮਾਰ ਉਰਫ਼ ਰਮੇਸ਼ ਮਲਹੋਤਰਾ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਇਸ ਤੋਂ ਪਹਿਲਾਂ ਅਦਾਲਤ ਨੇ 26 ਅਪ੍ਰੈਲ ਨੂੰ ਸਾਈਂ ਨੂੰ ਆਈਪੀਐਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਕੁਲ 11 ਮੁਲਜ਼ਮਾਂ ਵਿਚੋਂ ਛੇ ਨੂੰ ਬਰੀ ਕਰ ਦਿਤਾ ਸੀ। ਸਾਈਂ ਨੂੰ ਦਸੰਬਰ 2013 ਵਿਚ ਦਿੱਲੀ-ਹਰਿਆਣਾ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।