ਕੈਨਬਰਾ : ਹੁਣ ਆਸਟ੍ਰੇਲੀਆ ਵਿੱਚ ਫ਼ੇਸਬੁਕ ਤੇ ਗੂਗਲ ਉਤੇ ਭਾਰੀ ਜੁਰਮਾਨਾ ਲੱਗ ਸਕਦਾ ਹੈ ?ਆਸਟ੍ਰੇਲੀਆ ਦੀ ਸੰਸਦ ਵਿਚ ਬੁਧਵਾਰ ਨੂੰ ਪੇਸ਼ ਕੀਤੇ ਗਏ ਬਿਲ ਤਹਿਤ ਤਕਨੀਕੀ ਕੰਪਨੀਆਂ ਵਲੋਂ ਪ੍ਰਦਰਸ਼ਤ ਕੀਤੇ ਜਾਣ ਵਾਲੀਆਂ ਖ਼ਬਰਾਂ 'ਤੇ ਉਨ੍ਹਾਂ ਤੋਂ ਟੈਕਸ ਲੈਣ ਦਾ ਪ੍ਰਸਤਾਵ ਦਿਤਾ ਗਿਆ ਹੈ, ਅਤੇ ਇਸ ਬਿਲ ਦੇ ਨਿਯਮਾਂ ਨੂੰ ਪੂਰਾ ਨਾ ਕਰਨ ਦੀ ਸਥਿਤੀ ਵਿਚ ਗੂਗਲ ਅਤੇ ਫ਼ੇਸਬੁਕ ਵਰਗੀਆਂ ਕੰਪਨੀਆਂ 'ਤੇ ਅਰਬਾਂ ਦਾ ਜੁਰਮਾਨਾ ਲੱਗ ਸਕਦਾ ਹੈ। ਆਸਟ੍ਰੇਲੀਆ ਦੇ ਵਿੱਤ ਮੰਤਰੀ ਜੋਸ਼ ਫ਼੍ਰਾਈਡੇਨਬਰਗ ਨੇ ਕਿਹਾ ਹੈ ਕਿ ਖ਼ਬਰ ਦੇਣ ਵਾਲੇ ਮੀਡੀਆ ਅਤੇ ਡਿਜੀਟਲ ਸੰਸਥਾਵਾਂ ਲਈ ਇਹ ਕਾਨੂੰਨ ਬਣਾਇਆ ਗਿਆ ਹੈ। ਆਸਟ੍ਰੇਲੀਆ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜਿਸ ਨੇ ਡਿਜੀਟਲ ਸੰਸਥਾਵਾਂ ਨੂੰ ਖ਼ਬਰ ਦੇਣ ਵਾਲੇ ਮੀਡੀਆ ਨੂੰ ਭੁਗਤਾਨ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸੰਸਦ ਵਿਚ ਬੋਲਦਿਆਂ ਕਿਹਾ, ''ਅਸੀਂ ਰਵਾਇਤੀ ਮੀਡੀਆ ਨੂੰ ਮੁਕਾਬਲੇ ਅਤੇ ਤਕਨੀਕੀ ਰੁਕਾਵਟਾਂ ਤੋਂ ਬਚਾ ਨਹੀਂ ਰਹੇ ਸਗੋਂ ਅਸੀਂ ਇਕ ਆਧੁਨਿਕ ਮੰਚ ਬਣਾ ਰਹੇ ਹਾਂ ਜਿੱਥੇ ਬਾਜ਼ਾਰੀ ਤਾਕਤ ਦੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਸਲ ਖ਼ਬਰਾਂ ਦੀ ਸਮਗਰੀ ਲਈ ਭੁਗਤਾਨ ਵੀ ਕੀਤਾ ਜਾਵੇਗਾ।''
ਡਰਾਫ਼ਟ ਕਾਨੂੰਨ ਦੀ ਪੜਤਾਲ ਸੈਨੇਟ ਵਲੋਂ ਕੀਤੀ ਜਾਏਗੀ। ਜੇਕਰ ਤਿੰਨ ਮਹੀਨਿਆਂ ਦੀ ਗਲਬਾਤ ਤੋਂ ਬਾਅਦ ਇਕ ਪਲੇਟਫ਼ਾਰਮ 'ਤੇ ਖ਼ਬਰਾਂ ਦੇਣ ਵਾਲੀ ਸੰਸਥਾ ਖ਼ਬਰਾਂ ਦੀ ਕੀਮਤ ਤੈਅ ਨਹੀਂ ਕਰ ਪਾਉਂਦੇ ਤਾਂ ਘੱਟੋਂ ਘੱਟ ਦੋ ਸਾਲਾਂ ਵਿਚ ਭੁਗਤਾਨ ਲਈ ਲਾਜ਼ਮੀ ਦਾ ਫ਼ੈਸਲਾ ਲੈਣ ਲਈ ਇਕ ਤਿੰਨ ਮੈਂਬਰੀ ਆਰਬਿਟਰੇਸ਼ਨ ਪੈਨਲ ਨਿਯੁਕਤ ਕੀਤਾ ਜਾਵੇਗਾ। ਉਧਰ ਫ਼ੇਸਬੁਕ ਅਤੇ ਗੂਗਲ ਨੇ ਕਿਹਾ ਹੈ ਕਿ ਉਹ ਟਿੱਪਣੀ ਕਰਨ ਤੋਂ ਪਹਿਲਾਂ ਡਰਾਫ਼ਟ ਕਾਨੂੰਨ ਦੇ ਵੇਰਵੇ ਪੜ੍ਹਨਗੇ।