ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਸ਼ੁਰੂ ਕੀਤਾ ਗਿਆ ਕਿਸਾਨ ਅੰਦੋਲਨ 13 ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਕਾਲੇ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਮੰਗਲਵਾਰ ਨੂੰ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਸੀ। ਜਿਸ ਨੂੰ ਕਈ ਯੂਨੀਯਨਾਂ ਵਲੋਂ ਸਮਰਥਨ ਵੀ ਮਿਲਿਆ। ਜਿਸ ਤੋਂ ਭਾਰਤ ਬੰਦ ਦਾ ਅਸਰ ਦਿੱਲੀ ਤੋਂ ਲੈ ਕੇ ਬੰਗਾਲ ਅਤੇ ਯੂ. ਪੀ. ਤੋਂ ਲੈ ਕੇ ਕਰਨਾਟਕ ਤਕ ਦੇਖਿਆ ਗਿਆ। ਕਈ ਸਿਆਸੀ ਦਲ ਭਾਰਤ ਬੰਦ ਦੇ ਸਮਰਥਨ 'ਚ ਰਹੇ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਈ ਥਾਵਾਂ 'ਤੇ ਟਰੇਨਾਂ ਰੋਕੀਆਂ ਗਈਆਂ । ਕਿਸਾਨਾਂ ਵਲੋਂ ਚੱਕਾ ਜਾਮ ਦੁਪਹਿਰ 3 ਵਜੇ ਤਕ ਰਿਹਾ। ਭਾਰਤ ਬੰਦ ਦੇ ਸਮਰਥਨ 'ਚ ਮੰਗਲਵਾਰ ਨੂੰ ਦੇਸ਼ ਦੇ ਕਈ ਹਿੱਸਿਆਂ 'ਚ ਦੁਕਾਨਾਂ ਅਤੇ ਕਾਰੋਬਾਰੀ ਕਾਰਖਾਨੇ ਬੰਦ ਰਹੇ ਅਤੇ ਟਰਾਂਸਪੋਰਟ 'ਤੇ ਵੀ ਅਸਰ ਪਿਆ।
ਬੰਦ ਤੋਂ ਐਮਰਜੈਂਸੀ ਸੇਵਾਵਾਂ ਅਤੇ ਬੈਂਕਾਂ ਨੂੰ ਦੂਰ ਰਖਿਆ ਗਿਆ। ਪੰਜਾਬ ਹਰਿਆਣਾ ਵਰਗੇ ਰਾਜਾਂ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਕੇਂਦਰ ਬਣੀ ਦਿੱਲੀ 'ਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਪਛਮੀ ਬੰਗਾਲ, ਬਿਹਾਰ, ਉਡੀਸਾ 'ਚ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ 'ਤੇ ਰੇਲਾਂ ਰੋਕੀਆਂ। ਬੰਦ ਦੇ ਮੱਦੇਨਜ਼ਰ ਪੰਜਾਬ 'ਚ ਕਈ ਸਥਾਨਾਂ 'ਤੇ ਦੁਕਾਨਾਂ ਅਤੇ ਫ਼ੈਕਟਰੀਆਂ ਬੰਦ ਰਹੀਆਂ। ਸੂਬੇ 'ਚ ਪੈਟਰੋਲ ਡੀਲਰਾਂ ਨੇ ਵੀ ਬੰਦ ਦੇ ਸਮਰਥਨ 'ਚ ਪੈਟਰੋਲ ਪੰਪ ਬੰਦ ਰਖੇ।
ਆਂਧਰਾ ਪ੍ਰਦੇਸ਼ ਵਿਚ ਖੱਬੇ ਪੱਖੀ ਪਾਰਟੀਆਂ ਨੇ ਖੇਤੀਬਾੜੀ ਕਾਨੂੰਨਾਂ ਵਿਰੁਧ ਬੁਲਾਏ ਗਏ 'ਭਾਰਤ ਬੰਦ' ਦੇ ਸਮਰਥਨ ਵਿਚ ਵਿਸ਼ਾਖਾਪਟਨਮ 'ਚ ਵਿਰੋਧ ਪ੍ਰਦਰਸ਼ਨ ਕੀਤਾ।