ਜਲੰਧਰ : ਦਕੋਹਾ 'ਚ ਸਥਿਤ ਹਰਗੋਪਾਲ ਸਿੱਧੂ ਇਨਕਲੈਵ ਵਿਖੇ ਗਲੀ 'ਚੋਂ ਨਿਕਲ ਰਹੀ 12 ਸਾਲਾ ਲੜਕੀ 'ਤੇ ਗਲੀ 'ਚ ਘੁੰਮ ਰਹੇ ਕਰੀਬ ਅੱਧਾ ਦਰਜਨ ਦੇ ਆਵਾਰਾ ਕੁੱਤਿਆਂ ਵਲੋਂ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਨੂੰ ਬਹੁਤ ਹੀ ਮੁਸ਼ਕਲ ਨਾਲ ਨੇੜੇ-ਤੇੜੇ ਦੇ ਲੋਕਾਂ ਵਲੋਂ ਕੁੱਤਿਆਂ ਤੋਂ ਛੁਡਾਇਆ ਗਿਆ। ਜ਼ਖ਼ਮੀ ਹੋਈ ਲੜਕੀ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਹ ਸਾਰੀ ਘਟਨਾ ਗਲੀ 'ਚ ਲੱਗੇ ਇਕ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਜਿਸ ਕਾਰਨ ਖੇਤਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਦਿੰਦਿਆਂ ਸੁਬੀਤਾ ਨੇ ਦੱਸਿਆ ਕਿ ਉਸ ਦੀ 12 ਸਾਲਾ ਬੇਟੀ ਸ਼ੀਲਾ ਅੱਜ ਗਲੀ 'ਚੋਂ ਨਿਕਲ ਰਹੀ ਸੀ ਕਿ ਇਸ ਦੌਰਾਨ ਹੀ ਕੁੱਤਿਆ ਵਲੋਂ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਸਥਾਨਕ ਲੋਕਾਂ ਨੇ ਕਿਹਾ ਕਿ ਇਹ ਸੰਘਣੀ ਆਬਾਦੀ ਵਾਲਾ ਇਲਾਕਾ ਹੋਣ ਕਾਰਨ ਅਵਾਰਾ ਕੁੱਤਿਆਂ ਦੀ ਦਿਨ-ਬ-ਦਿਨ ਵਧ ਰਹੀ ਗਿਣਤੀ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਖੇਤਰ 'ਚ ਘੁੰਮਣ ਵਾਲੇ ਆਵਾਰਾ ਕੁੱਤਿਆ ਤੋਂ ਲੋਕਾਂ ਨੂੰ ਨਿਜ਼ਾਤ ਦੁਆਈ ਜਾਵੇ ਤੇ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ।