ਮੁੰਬਈ : ਕਾਮੇਡੀ ਸ਼ੋਅ 'ਤਾਰਿਕ ਮਹਿਤਾ ਕਾ ਉਲਟਾ ਚਸ਼ਮਾ' ਦੇ ਲੇਖਕ ਅਭਿਸ਼ੇਕ ਮਕਵਾਨਾ ਨੇ ਆਤਮ-ਹੱਤਿਆ ਕਰ ਲਈ ਹੈ। ਉਨ੍ਹਾਂ ਦੇ ਪਰਿਵਾਰ ਨੂੰ ਲੱਗਦਾ ਹੈ ਕਿ ਕਰਜ਼ਾ ਲੈਣ ਤੋਂ ਬਾਅਦ ਅਭਿਸ਼ੇਕ ਨੂੰ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਸੀ। ਉਨ੍ਹਾਂ ਦੇ ਪਰਿਵਾਰ ਦਾ ਦੋਸ਼ ਹੈ ਕਿ ਉਹ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਏ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਸੀ।
ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਕਰਜ਼ ਵਾਪਸ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ, ਜੋ ਅਭਿਸ਼ੇਕ ਨੇ ਲਿਖਿਆ ਸੀ। ਤੁਹਾਨੂੰ ਦੱਸ ਦਈਏ ਕਿ 27 ਨਵੰਬਰ ਨੂੰ ਅਭਿਸ਼ੇਕ ਨੇ ਮੁੰਬਈ ਸਥਿਤ ਆਪਣੇ ਘਰ ਵਿਚ ਹੀ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਸੁਸਾਈਡ ਨੋਟ ਵਿਚ ਕਿਸੇ ਵੀ ਵਿੱਤੀ ਕਰਜ਼ ਦਾ ਦਾਅਵਾ ਨਹੀਂ ਕੀਤਾ ਸੀ। ਉਨ੍ਹਾਂ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿੱਤੀ ਗੜਬੜੀ ਬਾਰੇ ਜਾਣਕਾਰੀ ਅਭਿਸ਼ੇਕ ਦੀ ਮੌਤ ਤੋਂ ਬਾਅਦ ਮਿਲੀ, ਜਦੋਂ ਇਸ ਸਬੰਧੀ ਉਨ੍ਹਾਂ ਨੂੰ ਫੋਨ ਆਉਣ ਲੱਗੇ। ਉਨ੍ਹਾਂ ਦੱਸਿਆ, ਮੈਂ ਆਪਣੇ ਭਰਾ ਦੇ ਗੁਜਰ ਜਾਣ ਤੋਂ ਬਾਅਦ ਉਸ ਦੇ ਮੇਲ ਚੈੱਕ ਕੀਤੇ। ਮੈਨੂੰ ਅਲੱਗ-ਅਲੱਗ ਨੰਬਰਾਂ ਤੋਂ ਕਈ ਫੋਨ ਆ ਰਹੇ ਸਨ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਕਰਜ਼ ਨੂੰ ਚੁਕਾਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ।