ਜਲੰਧਰ : WWE ਦੇ ਚੈਂਪੀਅਨ ਰਹਿ ਚੁੱਕੇ ਪਹਿਲਵਾਨ ਦਲੀਪ ਰਾਣਾ ਉਰਫ ਦਿ ਗ੍ਰੇਟ ਖਲੀ ਵੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਆ ਗਏ ਹਨ | ਜਲੰਧਰ 'ਚ ਹੁਸ਼ਿਆਰਪੁਰ ਰੋਡ 'ਤੇ ਰੇਸਲਿੰਗ ਅਕੈਡਮੀ ਚਲਾਉਣ ਵਾਲੇ ਖਲੀ ਨੇ ਸਾਰਿਆਂ ਨੂੰ ਕਿਸਾਨਾਂ ਦੇ ਅੰਦੋਲਨ 'ਚ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਨਵੇਂ ਖੇਤੀ ਸੁਧਾਰ ਕਾਨੂੰਨ ਦੇ ਨਾਲ ਆਮ ਲੋਕਾਂ 'ਤੇ ਵੀ ਬਹੁਤ ਵੱਡਾ ਬੋਝ ਪਾਏਗਾ | ਉਨ੍ਹਾਂ ਨੇ 'ਜੈ ਜਵਾਨ-ਜੈ ਕਿਸਾਨ' ਅਤੇ 'ਕਿਸਾਨ-ਮਜ਼ਦੂਰ ਏਕਤਾ - ਜ਼ਿੰਦਾਬਾਦ' ਦੇ ਨਾਅਰੇ ਲਗਾਏ |
ਖਲੀ ਨੇ ਕਿਹਾ ਕਿ ਨਵੇਂ ਕਾਨੂੰਨ ਨਾਲ ਖਰੀਦਦਾਰ ਕਿਸਾਨਾਂ ਤੋਂ ਫ਼ਸਲ ਦਸ ਰੁਪਏ ਕਿੱਲੋ ਲੈਣਗੇ ਅਤੇ ਤੁਹਾਨੂੰ 200 ਰੁਪਏ ਕਿੱਲੋ ਵੇਚਣਗੇ | ਸਭ ਤੋਂ ਜ਼ਿਆਦਾ ਨੁਕਸਾਨ ਉਨ੍ਹਾਂ ਦਾ ਹੈ ਜਿਹੜੇ ਦਿਹਾੜੀ ਕਰਦੇ ਹਨ, ਰੇਹੜੀ ਲਗਾਉਂਦੇ ਹਨ ਅਤੇ ਆਮ ਲੋਕ ਹਨ | ਸਾਰੇ ਲੋਕਾਂ ਤੋਂ ਮੈਂ ਬੇਨਤੀ ਕਰਦਾ ਹਾਂ ਕਿ ਕਿਸਾਨਾਂ ਦੇ ਨਾਲ ਖੜੇ ਹੋਣ, ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦਾ ਸਾਥ ਦੇਣ ਤਾਂ ਕਿ ਸਰਕਾਰ ਨੂੰ ਕਿਸਾਨਾਂ ਦੀ ਮੰਗਾ ਨੂੰ ਮੰਨਣ ਲਈ ਮਜਬੂਰ ਹੋਣਾ ਪਏ |
ਖਲੀ ਨੇ ਕਿਹਾ ਕਿ ਇਹ ਪੰਗਾ ਪੰਜਾਬੀਆਂ ਅਤੇ ਹਰਿਆਣਵੀਆਂ ਨਾਲ ਪਿਆ ਹੈ, ਕੇਂਦਰ ਸਰਕਾਰ ਨੂੰ ਇਨ੍ਹਾਂ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੋਏਗਾ। ਖਲੀ ਨੇ ਕਿਹਾ ਕਿ ਇੱਕ ਜਥਾ 6 ਮਹੀਨਿਆਂ ਦਾ ਰਾਸ਼ਨ ਲੈ ਕੇ ਜਾ ਰਿਹਾ ਹੈ | ਜਦੋਂ ਤੱਕ ਕਿਸਾਨਾਂ ਦੀ ਮੰਗ ਪੂਰੀ ਨਹੀਂ ਹੁੰਦੀ, ਤਦ ਤੱਕ ਉਹ ਵਾਪਸ ਨਹੀਂ ਆਉਣਗੇ |