ਹਰਿਦੁਆਰ, (ਏਜੰਸੀ) : ਬਰੇਲੀ ਰਾਸ਼ਟਰੀ ਰਾਜਮਾਰਗ 'ਤੇ ਸ਼ਿਆਮਪੁਰ ਨੇੜੇ ਸਥਿਤ ਇਕ ਮੁਰਗੀ ਫ਼ਾਰਮ ਵਿਚ ਰਹਿਣ ਵਾਲੀ ਇਕ ਛੇ ਸਾਲਾ ਬੱਚੀ ਦੀ ਹਤਿਆ ਅਤੇ ਉਸ ਦੀ ਲਾਸ਼ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿਚ ਦੋਸ਼ੀ ਮੁਰਗੀ ਫ਼ਾਰਮ ਦੇ ਚੌਕੀਦਾਰ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਇਕ ਜੋੜਾ ਅਪਣੀ ਛੇ ਸਾਲਾ ਬੇਟੀ ਨਾਲ ਮੁਰਗੀ ਫ਼ਾਰਮ ਵਿਚ ਰਹਿ ਰਿਹਾ ਸੀ। ਸ਼ੁਕਰਵਾਰ 26 ਅਪ੍ਰੈਲ ਦੀ ਸ਼ਾਮ ਅਚਾਨਕ ਬੱਚੀ ਲਾਪਤਾ ਹੋ ਗਈ। ਆਸਪਾਸ ਪੁੱਛ-ਪੜਤਾਲ ਤੋਂ ਪੁਲਿਸ ਨੂੰ ਪਤਾ ਲੱਗਾ ਕਿ ਮੁਰਗੀ ਫ਼ਾਰਮ ਦਾ ਚੌਕੀਦਾਰ ਸੋਨੂ ਉਰਫ਼ ਸਾਨੀ ਬੱਚੀ ਨਾਲ ਦੇਖਿਆ ਗਿਆ ਸੀ। ਜੰਗਲ ਵਿਚ ਬੱਚੀ ਦੀ ਲਾਸ਼ ਬਰਾਮਦ ਹੋਣ ਮਗਰੋਂ ਸੋਨੂ ਤੋਂ ਪੁੱਛ-ਪੜਤਾਲ ਕੀਤੀ ਗਈ ਜਿਸ ਦੌਰਾਨ ਉਸ ਨੇ ਅਪਣਾ ਅਪਰਾਧ ਮੰਨ ਲਿਆ। ਸੋਨੂ ਨੇ ਦਸਿਆ ਕਿ ਉਹ ਬੱਚੀ ਨੂੰ ਵਰਗਲਾ ਕੇ ਜੰਗਲ ਵਿਚ ਲੈ ਗਿਆ ਸੀ ਜਿਥੇ ਉਸ ਦੇ(ਬੰਚੀ) ਰੌਲਾ ਪਾਉਣ 'ਤੇ ਉਸ ਨੇ ਕਥਿਤ ਤੌਰ 'ਤੇ ਉਸ ਦੀ ਹਤਿਆ ਕਰ ਦਿਤੀ ਅਤੇ ਫਿਰ ਉਸ ਦੀ ਲਾਸ਼ ਨਾਲ ਬਲਾਤਕਾਰ ਕੀਤਾ। ਦੋਸ਼ੀ ਦੀ ਨਿਸ਼ਾਨਦੇਹੀ 'ਤੇ ਬੱਚੀ ਦੇ ਲਹੂ ਨਾਲ ਭਰੇ ਕੱਪੜੇ ਵੀ ਬਰਾਮਦ ਕਰ ਲਏ ਗਏ ਹਨ। ਦੋਸ਼ੀ ਵਿਰੁਧ ਹਤਿਆ, ਅਗ਼ਵਾ, ਅਤੇ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।