ਹੁਸ਼ਿਆਰਪੁਰ, (ਸੱਚੀ ਕਲਮ ਬਿਊਰੋ): ਪਿੰਡ ਨਾਰਾ 'ਚ 25 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹਤਿਆ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਨੌਜਵਾਨ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਨੌਜਵਾਨ ਦਾ ਸਹੁਰਾ ਹੀ ਨਿਕਲਿਆ। ਪੁਲਿਸ ਨੇ ਨੌਜਵਾਨ ਦੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ 'ਲਵ ਮੈਰਿਜ' ਕੀਤੀ ਹੋਈ ਸੀ ਅਤੇ ਉਸ ਦਾ ਸਹੁਰਾ ਉਸ ਨੂੰ ਅਕਸਰ ਪਰੇਸ਼ਾਨ ਕਰਦਾ ਸੀ, ਜਿਸ ਤੋਂ ਬਾਅਦ ਆਪਸ 'ਚ ਝਗੜਾ ਹੋਣ ਕਾਰਨ ਸਹੁਰੇ ਨੇ ਉਸ ਦਾ ਕਤਲ ਕਰ ਦਿਤਾ।
ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਿਸ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਚਿਰਾਜਦੀਪ ਦੇ ਰੂਪ 'ਚ ਹੋਈ ਹੈ। ਚਿਰਾਜਦੀਪ ਨੇ ਪ੍ਰਭਦੀਪ ਕੌਰ ਪਰਵਾਰ ਵਾਲਿਆਂ ਦੀ ਮਰਜ਼ੀ ਵਿਰੁਧ ਵਿਆਹ ਕਰ ਲਿਆ ਸੀ ਅਤੇ ਦੋਵੇਂ ਹੁਸ਼ਿਆਰਪੁਰ ਸਥਿਤ ਪਿੰਡ ਬਜਵਾੜਾ 'ਚ ਰਹਿਣ ਲੱਗੇ। ਇਸੇ ਗੱਲ ਨੂੰ ਲੈ ਕੇ ਚਿਰਾਜਦੀਪ ਦਾ ਅਪਣੇ ਸਹੁਰੇ ਬਲਵਿੰਦਰ ਸਿੰਘ ਦੇ ਨਾਲ ਝਗੜਾ ਰਹਿੰਦਾ ਸੀ ਅਤੇ 23 ਤਰੀਕ ਰਾਤ ਨੂੰ ਆਪਸੀ ਝਗੜੇ 'ਚ ਉਸ ਦੇ ਸਹੁਰੇ ਬਲਵਿੰਦਰ ਸਿੰਘ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਤਿੱਖੇ ਵਾਰ ਕਰ ਕੇ ਹਤਿਆ ਕਰ ਦਿਤੀ ਅਤੇ ਲਾਸ਼ ਨੂੰ ਜੰਗਲ 'ਚ ਸੁੱਟ ਦਿਤਾ।