ਚੰਡੀਗੜ੍ਹ : ਇਕ ਵਾਰ ਫਿਰ ਦੇਰ ਰਾਤ ਸ਼ਰਾਰਤੀ ਅਨਸਰਾਂ ਵਲੋਂ ਬਹਿਰਾਮ-ਮਾਹਿਲਪੁਰ ਮੁੱਖ ਸੜਕ ਉੱਪਰ ਪੈਂਦੇ ਪਿੰਡ ਠੁਆਣਾ ਵਿਖੇ ਧਾਰਮਿਕ ਥਾਂ ਦੀ ਕੰਧ ਉੱਪਰ, ਅੱਡਾ ਖੜੌਦੀ ਵਿਖੇ ਇਕ ਪੈਲੇਸ ਦੇ ਚਾਰ ਸਥਾਨਾਂ 'ਤੇ ਅਤੇ ਅੱਡਾ ਪਾਲਦੀ ਦੇ ਸੜਕ ਉੱਪਰ ਪੈਂਦੇ ਡੇਰਾ ਬਾਬਾ ਮੰਗਲ ਦਾਸ ਉੱਪਰ ਖ਼ਾਲਿਸਤਾਨ ਪੱਖੀ ਨਾਅਰੇ ਲਿਖ ਕੇ ਸਥਾਨਕ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਸਬੰਧ ਵਿਚ ਸਵੇਰ 8.30 ਵਜੇ ਪਤਾ ਲੱਗਣ 'ਤੇ ਸਥਾਨਕ ਪੁਲਿਸ ਘਟਨਾ ਸਥਾਨ 'ਤੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚ ਗਏ। ਇਸ ਦੇ ਨਾਲ ਹੀ ਦੱਸ ਦਈਏ ਕਿ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਖੇੜਾ ਵਿਚ ਵੀ ਖਾਲਿਸਤਾਨ ਦੇ ਨਾਅਰੇ ਲਿਖੇ ਹੋਏ ਦੇਖਣ ਨੂੰ ਮਿਲੇ ਹਨ। ਦਰਅਸਲ ਪਿੰਡ ਖੇੜਾ ਦੇ ਬਾਹਰਵਾਰ ਅਕਾਲ ਅਕੈਡਮੀ ਦੀ ਕੰਧ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਖ਼ਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਹਨ। ਇਹ ਨਾਅਰੇ ਅਕੈਡਮੀ ਦੇ ਬਾਹਰ ਬਣੇ ਚੌਕੀਦਾਰ ਦੇ ਕਮਰੇ ਦੀਆਂ ਕੰਧਾਂ 'ਤੇ ਲਿਖੇ ਗਏ ਹਨ।