• ਬਾਬਾ ਫਰੀਦ ਯੂਨੀਵਰਸਿਟੀ ਰਾਹੀਂ 168 ਤਕਨੀਕੀ ਅਸਾਮੀਆਂ ਨੂੰ ਭਰਨ ਦੀ ਵੀ ਦਿੱਤੀ ਮਨਜ਼ੂਰੀ
ਚੰਡੀਗੜ੍ਹ : ਕੋਵਿਡ-19 ਮਹਾਂਮਾਰੀ ਨਾਲ ਹੋਰ ਕਾਰਗਰ ਤਰੀਕੇ ਨਾਲ ਨਜਿੱਠਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਜ਼ਾਰਤ ਨੇ ਬੁੱਧਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਦੇ ਕਾਰਡੀਓਲੌਜੀ, ਐਂਡੋਕਰਨਲੌਜੀ, ਨਿਊਰੋਲੌਜੀ ਤੇ ਨੈਫਰੋਲੌਜੀ ਵਿੱਚ 16 ਅਸਿਸਟੈਂਟ ਪ੍ਰੋਫੈਸਰ (ਸੁਪਰ ਸਪਸ਼ੈਲਿਟੀ) ਦੀ ਸਿਰਜਣਾ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਅਨੁਸਾਰ ਕੈਬਨਿਟ ਨੇ ਦੋਵੇਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸਿੱਧੀ ਭਰਤੀ ਦੀਆਂ ਸੁਪਰ ਸਪਸ਼ੈਲਿਟੀ ਪ੍ਰੋਫੈਸਰਾਂ ਅਤੇ ਐਸੋਸੀਏਟ ਪ੍ਰਫੈਸਰਾਂ ਦੀਆਂ ਖਾਲੀ ਪਈਆਂ 25 ਅਸਾਮੀਆਂ ਨੂੰ ਠੇਕੇ ਦੇ ਆਧਾਰ 'ਤੇ ਐਸਿਸਟੈਂਟ ਪ੍ਰੋਫੈਸਰ ਦੀਆਂ ਅਸਾਮੀਆਂ ਵਿੱਚ ਆਰਜ਼ੀ ਤੌਰ 'ਤੇ ਤਬਦੀਲ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ।
ਇਕ ਹੋਰ ਮਹੱਤਵਪੂਰਨ ਫੈਸਲੇ ਵਿੱਚ ਕੈਬਨਿਟ ਨੇ ਇਨ੍ਹਾਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੱਖ-ਵੱਖ ਪੈਰਾਮੈਡੀਕਲ ਕਾਡਰ ਦੀਆਂ 168 ਤਕਨੀਕੀ ਪੋਸਟਾਂ ਨੂੰ ਵੀ ਭਰਨ ਦੀ ਮਨਜ਼ੂਰੀ ਦੇ ਦਿੱਤੀ। ਇਨ੍ਹਾਂ ਵਿੱਚੋਂ 98 ਪੋਸਟਾਂ ਦੀ ਨਵੀਂ ਸਿਰਜਣਾ ਹੋ ਰਹੀ ਹੈ ਜਦੋਂ ਕਿ 70 ਖਾਲੀ ਅਸਾਮੀਆਂ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ। ਇਹ ਭਰਤੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਸ ਸਾਇੰਸਜ਼, ਫਰੀਦਕੋਟ ਰਾਹੀਂ ਐਨਸਥੇਸੀਆ (ਆਈ.ਸੀ.ਯੂ.), ਕਾਰਡੀਓਲੌਜੀ, ਰੇਡੀਓਲੌਜੀ, ਰੇਡੀਓਥੈਰੇਪੀ, ਫਿਜਿਓਥੈਰੇਪੀ, ਆਡੀਓਲੌਜੀ, ਸਪੀਚ, ਸਟਰਲਾਈਜੇਸ਼ਨ ਸਰਵਿਸਜ਼ ਤੇ ਆਕਸੀਜਨ/ਗੈਸ ਸਪਲਾਈ ਵਿਭਾਗਾਂ ਵਿੱਚ ਕੀਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਕੈਬਨਿਟ ਨੇ ਤਕਨੀਸ਼ੀਅਨਾਂ ਦੀਆਂ ਵੱਖ-ਵੱਖ ਅਸਾਮੀਆਂ ਲਈ ਲੋੜੀਂਦੀਆ ਯੋਗਤਾਵਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ।