ਲੁਧਿਆਣਾ : ਟੈਕਸ ਚੋਰੀ ਕਰਨ ਵਾਲਿਆਂ 'ਤੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਜੀਐਸਟੀ ਵਿਭਾਗ, ਲੁਧਿਆਣਾ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਫਰਜ਼ੀ /ਗੈਰ-ਮੌਜੂਦ ਕੰਪਨੀਆਂ ਦਿਖਾ ਕੇ ਵਸਤਾਂ ਦੀ ਅਸਲ ਖ਼ਰੀਦ ਕੀਤੇ ਬਿਨਾਂ ਜਾਅਲੀ ਬਿੱਲ ਤਿਆਰ ਕਰਕੇ ਕਥਿਤ ਤੌਰ 'ਤੇ ਟੈਕਸ ਦੀ ਚੋਰੀ ਤੇ ਧੋਖਾਧੜੀ ਕਰਨ ਵਾਲਿਆਂ 'ਤੇ ਛਾਪੇਮਾਰੀ ਕੀਤੀ ਗਈ । ਜਿਸ ਤਹਿਤ ਟੈਕਸ ਵਿੱਚ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜੀਐਸਟੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟੀਮ ਵਲੋਂ 4 ਕਾਰੋਬਾਰੀ ਥਾਂਵਾਂ 'ਤੇ ਜਾਂਚ ਅਤੇ ਜ਼ਬਤੀ ਕਰਨ ਸਬੰਧੀ ਕਾਰਵਾਈ ਕੀਤੀ ਗਈ ਤਾਂ ਜੋ ਮਾਲ ਦੀ ਅਸਲ ਰਸੀਦ ਬਗ਼ੈਰ ਜਾਅਲੀ ਬਿੱਲ ਤਿਆਰ ਕਰਨ ਦੇ ਮੂਲ ਢੰਗ-ਤਰੀਕਿਆਂ ਸਬੰਧੀ ਸਬੂਤ ਜੁਟਾਏ ਜਾ ਸਕਣ। ਲਾਭਪਾਤਰੀਆਂ (ਮੁਲਜ਼ਮ) ਤੱਕ ਧੋਖਾਧੜੀ ਵਾਲੀ ਆਈ.ਟੀ.ਸੀ. ਪਹੁੰਚਾਉਣ ਲਈ ਪੰਜ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਵਿਅਕਤੀਆਂ ਜਿਵੇਂ ਵੇਟਰ, ਆਟੋ-ਰਿਕਸ਼ਾ ਚਾਲਕ, ਦਿਹਾੜੀਦਾਰ ਆਦਿ ਦੇ ਨਾਮ 'ਤੇ ਜਾਅਲੀ ਪਛਾਣ ਪੱਤਰ ਦੀ ਵਰਤੋਂ ਕਰਦਿਆਂ ਇਸ ਧਾਂਦਲੀ ਨੂੰ ਅੰਜਾਮ ਦਿੱਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਨੂੰ ਨਿਰਯਾਤ ਦੇ ਉਦੇਸ਼ ਲਈ ਨਕਲੀ ਰਸੀਦਾਂ ਰਾਹੀਂ ਤਿਆਰ ਕੀਤੀ ਜਾਅਲੀ ਆਈ.ਟੀ.ਸੀ. ਦੀ ਵਰਤੋਂ ਕੀਤੀ ਗਈ ਸੀ, ਜਿਸਦੇ ਆਈ.ਜੀ.ਐੱਸ.ਟੀ. ਭੁਗਤਾਨ ਕੀਤੇ ਗਏ ਸਨ ਅਤੇ ਬਾਅਦ ਕਸਟਮ ਅਧਿਕਾਰੀਆਂ ਵੱਲੋਂ ਰਿਫੰਡ ਲੈਣ ਦਾ ਦਾਅਵਾ ਵੀ ਕੀਤਾ ਗਿਆ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਰ-ਮੌਜੂਦ ਕੰਪਨੀਆਂ ਦੀਆਂ ਜਾਅਲੀ ਰਸੀਦਾ ਤਿਆਰ ਕਰਨ ਲਈ ਜਾਅਲੀ ਬਿਲਿੰਗ ਨੈਟਵਰਕ ਦੀ ਵਰਤੋਂ ਕੀਤੀ ਗਈ ਸੀ। ਜਿਸ ਦੇ ਸਿੱਟੇ ਵਜੋਂ 30 ਕਰੋੜ ਤੋਂ ਵੱਧ ਦੀ ਕੁੱਲ ਆਈ.ਟੀ.ਸੀ. ਰਾਹੀਂ ਘਪਲਾ ਕੀਤਾ ਜਾ ਰਿਹਾ ਸੀ ਅਤੇ ਇਨ•ਾਂ 3 ਮੁਲਜ਼ਮਾਂ ਨੇ ਇਸ ਧਾਂਦਲੀ ਵਿੱਚ ਲਗਭਗ 23 ਕਰੋੜ ਰੁਪਏ ਦਾ ਘਪਲਾ ਕੀਤਾ ਸੀ । ਦੋਸ਼ੀਆਂ ਨੂੰ ਜੀਐਸਟੀ ਕਾਨੂੰਨਾਂ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹੋਰ ਲਾਭਪਾਤਰੀਆਂ ਖ਼ਿਲਾਫ਼ ਵੀ ਕਾਰਵਾਈ ਆਰੰਭੀ ਜਾ ਰਹੀ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।