ਰਾਜਸਥਾਨ, (ਏਜੰਈ) : ਇਕ ਪਾਸੇ ਜਿੱਥੇ ਚੋਣਾਂ ਵਿਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਉਮੀਦਵਾਰ ਲੱਖਾਂ ਕਰੋੜਾਂ ਪ੍ਰਚਾਰ 'ਤੇ ਖਰਚ ਕਰ ਰਹੇ ਹਨ ਉੱਥੇ ਹੀ ਰਾਜਸਥਾਨ ਵਿਚ ਇਕ ਅਜਿਹਾ ਉਮੀਦਵਾਰ ਵੀ ਹੈ ਜਿਸ ਨੇ ਅਪਣੇ ਚੋਣ ਪ੍ਰਚਾਰ ਲਈ ਸਿਰਫ 1200 ਰੁਪਏ ਖਰਚ ਕੀਤੇ ਹਨ। ਇਸ ਉਮੀਦਵਾਰ ਬਾਰੇ ਜਾਣ ਕੇ ਸਭ ਨੂੰ ਹੈਰਾਨੀ ਹੋ ਰਹੀ ਹੈ। ਜੋਧਪੁਰ ਦੇ ਨਿਵਾਸੀ 45 ਸਾਲ ਦੇ ਅਨਿਲ ਜੋਇਆ ਮੇਘਵਾਲ ਹਨ ਪੇਸ਼ੇ ਤੋਂ ਆਟੋ ਡਰਾਈਵਰ ਹਨ।
ਚੋਣ ਪ੍ਰਚਾਰ ਲਈ ਖ਼ਰਚ ਕੀਤੇ ਸਿਰਫ਼ 1200 ਰੁਪਏ
ਮੇਘਵਾਲ ਦਾ ਮੰਨਣਾ ਹੈ ਕਿ ਦੇਸ਼ ਦਾ ਨਾਗਰਿਕ ਹੋਣ ਕਾਰਣ ਚੋਣਾਂ ਲੜਨਾ ਉਹਨਾਂ ਦਾ ਮੌਲਿਕ ਅਧਿਕਾਰ ਹੈ ਅਤੇ ਇਸ ਲਈ ਉਹ ਵੀ ਚੋਣ ਲੜੇਗਾ। ਇੰਨਾ ਹੀ ਨਹੀਂ ਇਸ ਸੀਟ 'ਤੇ ਉਹ ਮੁੱਖ ਮੰਤਰੀ ਅਸ਼ੋਕ ਗਹਿਲੋਟ ਦੇ ਪੁੱਤਰ ਵੈਭਵ ਗਹਿਲੋਤ ਅਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਵਿਰੁੱਧ ਚੋਣ ਮੈਦਾਨ ਵਿਚ ਉਤਰਿਆ ਹੈ। ਮੇਘਵਾਲ ਦਾ ਕਹਿਣਾ ਹੈ ਕਿ ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ। ਵੈਭਵ ਗਹਿਲੋਤ ਅਤੇ ਸ਼ੇਖਾਵਤ ਦੀ ਚੁਣੌਤੀ ਬਾਰੇ ਪੁਛੇ ਜਾਣ 'ਤੇ ਮੇਘਵਾਲ ਨੇ ਕਿਹਾ ਕਿ ਉਹ ਇੱਥੋਂ ਦੇ ਵੱਡੇ ਆਗੂ ਹਨ ਮੈਨੂੰ ਨਹੀਂ ਲਗਦਾ ਮੇਰੀ ਲੜਾਈ ਉਹਨਾਂ ਨਾਲ ਹੈ। ਮੇਘਵਾਲ ਨੇ ਨਾਮਜ਼ਦਗੀ ਦੌਰਾਨ ਹਲਫਨਾਮੇ ਵਿਚ 1.37 ਲੱਖ ਦੀ ਚਲ ਸੰਪੱਤੀ ਅਤੇ 15 ਲੱਖ ਦੀ ਅਚਲ ਸੰਪੱਤੀ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਮੇਘਵਾਲ ਰੋਜ਼ਾਨਾ ਆਟੋ ਤੋਂ 400-500 ਰੁਪਏ ਕਮਾ ਲੈਂਦਾ ਹੈ। ਚੋਣ ਪ੍ਰਚਾਰ ਦੀ ਰਾਜਨੀਤੀ ਬਾਰੇ ਮੇਘਵਾਲ ਨੇ ਕਿਹਾ ਕਿ ਮੈਂ ਅਪਣੀ ਆਟੋ ਤੇ ਪਿੰਡਾਂ ਵਿਚ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹਾਂ। ਮੈਂ ਉਹਨਾਂ ਨੂੰ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਸਿਰਫ ਇਕ ਵਾਰ ਸੇਵਾ ਦਾ ਮੌਕਾ ਦੇਣ। ਮੈਂ ਪੱਛੜੀ ਸ਼੍ਰੇਣੀ ਨਾਲ ਸਬੰਧ ਰੱਖਦਾ ਹਾਂ। ਅਜਿਹੇ ਵਿਚ ਮੈਂ ਅਪਣੇ ਸਮਾਜ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦਾ ਹਾਂ। ਮੈਨੂੰ ਲਗਦਾ ਹੈ ਕਿ ਮੇਰੇ ਸਮਾਜ ਵਿਚੋਂ ਹੀ ਕਿਸੇ ਨਾ ਕਿਸੇ ਨੇ ਇਹ ਕਦਮ ਉਠਾਉਣਾ ਹੀ ਸੀ।
ਮੇਘਾਵਲ ਦਾ ਕਹਿਣਾ ਹੈ ਕਿ ਮੈਂ ਜ਼ਰੂਰ ਜਿੱਤਾਂਗਾ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਸਮਾਜ ਅਤੇ ਆਟੋ ਸੰਘ ਦੇ ਲੋਕ ਮੈਨੂੰ ਸਮਰਥਨ ਜ਼ਰੂਰ ਦੇਣਗੇ। ਮੈਂ ਵਟਸਐਪ ਦੇ ਜ਼ਰੀਏ ਵੀ ਲੋਕਾਂ ਨੂੰ ਅਪੀਲ ਕਰ ਰਿਹਾ ਹਾਂ।