ਚੰਡੀਗੜ੍ਹ : ਸੂਬੇ ਵਿਚ ਖ਼ਰੀਦ ਏਜੰਸੀਆਂ ਨੇ ਹੁਣ ਤਕ ਤਕਰੀਬਨ 13 ਲੱਖ ਕੁਇੰਟਲ ਨਰਮੇ ਦੀ ਖ਼ਰੀਦ ਕੀਤੀ ਹੈ ਅਤੇ ਇਸ ਨਾਲ ਪਿਛਲੇ ਸਾਲ ਇਸੇ ਸਮੇਂ ਦੌਰਾਨ ਹੋਈ ਖ਼ਰੀਦ ਦੇ ਮੁਕਾਬਲੇ 61 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅੱਜ ਇਥੇ ਦਸਿਆ ਕਿ ਹੁਣ ਤਕ ਹੋਈ ਨਰਮੇ ਦੀ ਭਾਰੀ ਆਮਦ ਅਤੇ ਖ਼ਰੀਦ ਸੂਬੇ ਭਰ ਦੇ ਅਨੁਕੂਲ ਮੌਸਮੀ ਹਾਲਤਾਂ ਸਦਕਾ ਹੋਇਆ ਹੈ।
ਚੇਅਰਮੈਨ ਨੇ ਅੱਗੇ ਦਸਿਆ ਕਿ ਪਿਛਲੇ ਸਾਲ ਦੀ 8.11 ਲੱਖ ਕੁਇੰਟਲ ਆਮਦ ਦੇ ਮੁਕਾਬਲੇ ਇਸ ਸਾਲ ਹੁਣ ਤਕ 13.06 ਲੱਖ ਕੁਇੰਟਲ ਨਰਮੇ ਦੀ ਆਮਦ ਹੋਈ ਹੈ। ਭਾਰਤੀ ਕਪਾਹ ਨਿਗਮ ਨੇ 13.06 ਲੱਖ ਕੁਇੰਟਲ ਵਿਚੋਂ 10.58 ਲੱਖ ਕੁਇੰਟਲ ਨਰਮੇ ਦੀ ਖ਼ਰੀਦ ਕੀਤੀ ਹੈ ਜਦਕਿ ਨਿੱਜੀ ਵਪਾਰੀਆਂ ਵਲੋਂ 2.47 ਲੱਖ ਕੁਇੰਟਲ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਵਰ੍ਹੇ ਦੌਰਾਨ ਭਾਰਤੀ ਕਪਾਹ ਨਿਗਮ ਵਲੋਂ ਤਲਵੰਡੀ ਸਾਬੋ, ਤਪਾ, ਭੀਖੀ, ਬਰੇਟਾ, ਲਹਿਰਾਗਾਗਾ ਅਤੇ ਮੁਕਤਸਰ ਵਿਖੇ 6 ਨਵੇਂ ਖ਼ਰੀਦ ਕੇਂਦਰਾਂ ਸਮੇਤ ਕਪਾਹ ਦੇ 22 ਨਾਮਜ਼ਦ ਖ਼ਰੀਦ ਕੇਂਦਰਾਂ ਦੇ ਨੈਟਵਰਕ ਰਾਹੀਂ ਲਗਭਗ 80 ਫ਼ੀ ਸਦੀ ਫ਼ਸਲ ਦੀ ਖ਼ਰੀਦ ਘੱਟੋ-ਘੱਟ ਸਮਰਥਨ ਮੁੱਲ 'ਤੇ ਕੀਤੀ ਗਈ ਹੈ।
ਲਾਲ ਸਿੰਘ ਨੇ ਅੱਗੇ ਕਿਹਾ ਅਨੁਕੂਲ ਮੌਸਮੀ ਹਾਲਾਤਾਂ ਕਰ ਕੇ ਚੰਗੀ ਗੁਣਵੱਤਾ ਦਾ ਨਰਮਾ ਪੈਦਾ ਹੋਇਆ ਹੈ। ਉਨ੍ਹਾਂ ਅੱਗੇ ਦਸਿਆ ਕਿ ਭਾਰਤੀ ਕਪਾਹ ਨਿਗਮ ਨੇ ਮੰਡੀਆਂ ਵਿਚ ਨਰਮੇ ਦੀ ਹੁਣ ਤਕ ਹੋਈ ਆਮਦ ਦੀ ਤੁਰਤ ਖ਼ਰੀਦ ਨੂੰ ਯਕੀਨੀ ਬਣਾਉਣ ਲਈ 5 ਅਕਤੂਬਰ ਤੋਂ ਖ਼ਰੀਦ ਸ਼ੁਰੂ ਕਰ ਦਿਤੀ ਸੀ।